ਸੁਪਰ ਸਕਸ਼ਨ ਮਸ਼ੀਨ ਦੇ ਟੈਂਡਰ ਖ਼ਤਮ, ਮੌਨਸੂਨ ’ਚ ਵੱਧ ਸਕਦੀਆਂ ਦਿੱਕਤਾਂ
ਸੁਪਰ ਸਕਸ਼ਨ ਮਸ਼ੀਨ ਦੇ ਟੈਂਡਰ ਖਤਮ, ਨਵੇਂ ਰੇਟ ਤੈਅ ਨਾ ਹੋਣ ਕਾਰਨ ਸਫਾਈ ਠੱਪ, ਮਾਨਸੂਨ ’ਚ ਵੱਧ ਸਕਦੀਆਂ ਦਿਕਤਾਂ
Publish Date: Thu, 26 Mar 2026 09:49 PM (IST)
Updated Date: Thu, 26 Mar 2026 09:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਸੀਵਰੇਜ ਦੀ ਸੁਪਰ ਸਕਸ਼ਨ ਮਸ਼ੀਨ ਨਾਲ ਜ਼ੀਰੋ ਲੈਵਲ ਸਫਾਈ ਦਾ ਕੰਮ ਰੁਕਿਆ ਹੋਇਆ ਹੈ। ਲਗਪਗ ਇਕ ਸਾਲ ਪਹਿਲਾਂ ਲੱਗੇ ਟੈਂਡਰ ਰਾਹੀਂ ਕੰਮ ਕਰਵਾ ਲਿਆ ਗਿਆ ਸੀ ਤੇ ਹੁਣ ਨਵਾਂ ਠੇਕਾ ਦੇਣਾ ਬਾਕੀ ਹੈ। ਟੈਂਡਰ ਲਈ ਨਵੇਂ ਰੇਟ ਤੈਅ ਕੀਤੇ ਜਾਣੇ ਹਨ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਰੇਟ ਤੈਅ ਨਹੀਂ ਕੀਤੇ ਗਏ। ਇਸ ਕਰ ਕੇ ਸੀਵਰੇਜ ਸਫਾਈ ਦਾ ਕੰਮ ਰੁਕ ਗਿਆ ਹੈ। ਪਹਿਲਾਂ ਨਗਰ ਨਿਗਮ ਆਪਣੇ ਪੱਧਰ ’ਤੇ ਰੇਟ ਤੈਅ ਕਰਦਾ ਸੀ ਪਰ ਹੁਣ ਪੰਜਾਬ ਸਰਕਾਰ ਹੀ ਰੇਟ ਤੈਅ ਕਰੇਗੀ ਤੇ ਟੈਂਡਰ ਵੀ ਲਾਏਗੀ। ਜੇ ਨਿਗਮ ਨੂੰ ਐਮਰਜੈਂਸੀ ’ਚ ਵੀ ਕੋਈ ਕੰਮ ਕਰਵਾਉਣਾ ਹੋਵੇ ਤਾਂ ਵੀ ਸੰਭਵ ਨਹੀਂ, ਕਿਉਂਕਿ ਕੰਮ ਲਈ ਰੇਟ ਤੈਅ ਨਹੀਂ ਹਨ। ਜੇ ਸਰਕਾਰ ਨੇ ਛੇਤੀ ਨਵੇਂ ਟੈਂਡਰ ਨਾ ਲਾਏ ਜਾਂ ਰੇਟ ਤੈਅ ਨਾ ਕੀਤੇ ਤਾਂ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫਾਈ ਨਹੀਂ ਹੋ ਸਕੇਗੀ ਤੇ ਮੌਨਸੂਨ ਦੌਰਾਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਪਰ ਸਕਸ਼ਨ ਮਸ਼ੀਨ ਨਾਲ ਸਫਾਈ ਲਈ ਪਾਈਪ ਦੇ ਆਕਾਰ ਮੁਤਾਬਕ ਰੇਟ ਤੈਅ ਕੀਤੇ ਜਾਂਦੇ ਹਨ। ਪਹਿਲਾਂ ਨਗਰ ਨਿਗਮ ਵੱਲੋਂ ਇਹ ਰੇਟ ਤੈਅ ਕੀਤੇ ਹੋਏ ਸਨ। ਨਿਗਮ ’ਚ ਰਜਿਸਟਰਡ ਕੰਪਨੀਆਂ ਇਹ ਕੰਮ ਬਿਨਾਂ ਟੈਂਡਰ ਵੀ ਕਰ ਸਕਦੀਆਂ ਸਨ, ਕਿਉਂਕਿ ਰੇਟ ਤੈਅ ਹੁੰਦੇ ਸਨ। ਹੁਣ ਇਹ ਰੇਟ ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਜਾਣੇ ਹਨ ਤੇ ਟੈਂਡਰ ਵੀ ਸਰਕਾਰ ਦੇ ਪੱਧਰ ਤੇ ਹੀ ਲੱਗਣੇ ਹਨ। ਜੇ ਪੰਜਾਬ ਸਰਕਾਰ ਰੇਟ ਤੈਅ ਕਰਕੇ ਟੈਂਡਰ ਲਾਉਂਦੀ ਹੈ ਤਾਂ ਇਸ ’ਚ ਸਮਾਂ ਵੀ ਲੱਗ ਸਕਦਾ ਹੈ। ਐੱਸਡੀਓ ਗਗਨਦੀਪ ਲੂਥਰ ਦੇ ਮੁਤਾਬਕ ਨਾਰਥ ਤੇ ਸੈਂਟ੍ਰਲ ਹਲਕੇ ਦੇ ਟੈਂਡਰ ਖਤਮ ਹੋ ਚੁੱਕੇ ਹਨ ਤੇ ਕੈਂਟ ਤੇ ਵੈਸਟ ’ਚ ਵੀ ਇਹੀ ਸਥਿਤੀ ਬਣਣ ਵਾਲੀ ਹੈ। ਟੈਂਡਰ ਖਤਮ ਹੋਣ ਕਰਕੇ ਸੀਵਰੇਜ ਦੀ ਸੁਪਰ ਸਕਸ਼ਨ ਮਸ਼ੀਨ ਨਾਲ ਸਫਾਈ ਬੰਦ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਸਰਕਾਰ ਜਲਦੀ ਹੀ ਰੇਟ ਤੈਅ ਕਰ ਦੇਵੇਗੀ। ਸਰਕਾਰ ਦੇ ਟੈਂਡਰ ਪ੍ਰਕਿਰਿਆ ’ਚ ਹਨ ਤੇ ਜਲਦੀ ਖੋਲ੍ਹੇ ਜਾ ਸਕਦੇ ਹਨ। -------------------------- ਮੌਨਸੂਨ ਤੋਂ ਪਹਿਲਾਂ ਕਈ ਇਲਾਕਿਆਂ ’ਚ ਸੀਵਰੇਜ ਸਫਾਈ ਜ਼ਰੂਰੀ ਨਗਰ ਨਿਗਮ ਲਈ ਮੌਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫਾਈ ਕਰਵਾਉਣਾ ਬਹੁਤ ਜ਼ਰੂਰੀ ਹੈ। ਮੌਨਸੂਨ ਆਮ ਤੌਰ ’ਤੇ ਜੁਲਾਈ ਦੇ ਪਹਿਲੇ ਹਫ਼ਤੇ ’ਚ ਆ ਜਾਂਦਾ ਹੈ। ਇਸ ਤੋਂ ਪਹਿਲਾਂ ਜੂਨ ਦੇ ਦੂਜੇ-ਤੀਜੇ ਹਫ਼ਤੇ ’ਚ ਪ੍ਰੀ-ਮੌਨਸੂਨ ਬਾਰਿਸ਼ ਹੁੰਦੀ ਹੈ ਜੋ ਨਿਗਮ ਲਈ ਸੀਵਰੇਜ ਦੀ ਜਾਂਚ ਦਾ ਸਮਾਂ ਹੁੰਦਾ ਹੈ। ਪਿਛਲੇ ਸਾਲ ਮੌਨਸੂਨ ਦੌਰਾਨ ਜ਼ਿਆਦਾ ਬਾਰਿਸ਼ ਹੋਈ ਸੀ ਤੇ ਸੀਵਰੇਜ ਵੀ ਪੂਰੀ ਤਰ੍ਹਾਂ ਸਾਫ਼ ਨਹੀਂ ਸਨ। ਇਸ ਕਾਰਨ ਕਈ ਇਲਾਕਿਆਂ ’ਚ ਪਾਣੀ ਖੜ੍ਹਾ ਹੋ ਗਿਆ ਸੀ। ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਹੋਣ ਤੋਂ ਬਾਅਦ ਮਾਡਲ ਟਾਊਨ, ਨਿਊ ਜਵਾਹਰ ਨਗਰ ਤੇ ਅਰਬਨ ਅਸਟੇਟ ਵਰਗੇ ਇਲਾਕਿਆਂ ’ਚ ਸ਼ੋਅਰੂਮਾਂ ਦੇ ਬੇਸਮੈਂਟਾਂ ’ਚ ਪਾਣੀ ਭਰ ਗਿਆ ਸੀ ਤੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। ---------------------- ਨਾਰਥ ਤੇ ਵੈਸਟ ’ਚ ਸਭ ਤੋਂ ਵੱਧ ਸੀਵਰੇਜ ਸਮੱਸਿਆ ਸ਼ਹਿਰ ਦੇ ਨਾਰਥ ਤੇ ਵੈਸਟ ਵਿਧਾਨ ਸਭਾ ਹਲਕਿਆਂ ’ਚ ਸੀਵਰੇਜ ਦੀ ਸਮੱਸਿਆ ਸਭ ਤੋਂ ਵੱਧ ਰਹਿੰਦੀ ਹੈ। ਇਸ ਸਮੇਂ ਪਾਣੀ ਦੀ ਖਪਤ ਘੱਟ ਹੋਣ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਘੱਟ ਹੈ ਪਰ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਗਰਮੀ ਵੱਧਣ ਦੀ ਸੰਭਾਵਨਾ ਹੈ ਜਿਸ ਨਾਲ ਪਾਣੀ ਦੀ ਖਪਤ ਵੀ ਵਧੇਗੀ। ਘੱਟ ਖਪਤ ਦੇ ਬਾਵਜੂਦ ਨਾਰਥ ਦੇ ਗਦਈਪੁਰ, ਪਰਸ਼ੁਰਾਮ ਨਗਰ ਤੇ ਵਾਰਡ ਨੰਬਰ 2 ਦੇ ਕਈ ਇਲਾਕਿਆਂ ’ਚ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਹੈ। ਵੈਸਟ ਹਲਕੇ ’ਚ ਬਸਤੀ ਬਾਵਾ ਖੇਲ, ਰਾਜ ਨਗਰ, ਗੌਤਮ ਨਗਰ, ਪੰਨੂ ਵਿਹਾਰ, ਭਾਰਗੋ ਕੈਂਪ, ਬਸਤੀ ਦਾਨਿਸ਼ਮੰਦਾ, ਬਸਤੀ ਗੁਜ਼ਾਂ ਤੇ ਬਸਤੀ ਸ਼ੇਖ ’ਚ ਵੀ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਇਨ੍ਹਾਂ ਇਲਾਕਿਆਂ ’ਚ ਪਾਈਪ ਲਾਈਨਾਂ ਕਾਫੀ ਪੁਰਾਣੀਆਂ ਹਨ ਤੇ ਕਈ ਥਾਵਾਂ ਤੇ ਧੱਸ ਚੁੱਕੀਆਂ ਹਨ। ਕਈ ਵਾਰ ਇਨ੍ਹਾਂ ਇਲਾਕਿਆਂ ’ਚ ਜ਼ਮੀਨ ਵੀ ਬੈਠ ਚੁੱਕੀ ਹੈ। ਇਸ ਤੋਂ ਇਲਾਵਾ ਸੈਂਟਰਲ ਹਲਕੇ ਦੇ ਰਾਮਾ ਮੰਡੀ ਇਲਾਕੇ ਤੇ ਕੈਂਟ ’ਚ ਗੜ੍ਹਾ ਦੇ ਆਲੇ-ਦੁਆਲੇ ਵੀ ਸੀਵਰੇਜ ਜਾਮ ਦੀ ਸਮੱਸਿਆ ਰਹਿੰਦੀ ਹੈ।