ਜਲੰਧਰ ਕੈਂਟ ’ਚ ਤੀਆਂ ਦੇ ਤਿਉਹਾਰ ਨੇ ਧਾਰਿਆ ਰੈਲੀ ਦਾ ਰੂਪ ਜਲੰਧਰ ਕੈਂਟ ਵਿੱਚ ‘ਤੀਆਂ ਦੇ ਤਿਉਹਾਰ’ ਨੇ ਧਾਰਿਆ ਰੈਲੀ ਦਾ ਰੂਪ
Publish Date: Wed, 19 Aug 2026 08:19 PM (IST)
Updated Date: Wed, 19 Aug 2026 08:21 PM (IST)
-ਥਿਆੜਾ ਦੀ ਅਗਵਾਈ ’ਚ 2,000 ਤੋਂ ਵੱਧ ਔਰਤਾਂ ਨੇ ਕੀਤੀ ਸ਼ਮੂਲੀਅਤ -ਸਕੂਲਾਂ ਤੇ ਸੁਸਾਇਟੀਆਂ ਦੇ ਬੱਚਿਆਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕੇ ’ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ‘ਆਪ’ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਮੌਕੇ ਜਲੰਧਰ ਕੈਂਟ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ਤੋਂ ਲਗਭਗ 2,000 ਤੋਂ ਵੱਧ ਔਰਤਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਬਲਾਕਾਂ ਤੇ ਵਾਰਡਾਂ ਦੇ ਪ੍ਰਧਾਨਾਂ, ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਵਰਕਰਾਂ ਤੇ ਸੰਗਠਨਾਂ ਨਾਲ ਜੁੜੀਆਂ ਔਰਤਾਂ ਪੁੱਜੀਆਂ। ਸਮਾਗਮ ਦੌਰਾਨ ਗਿੱਧਾ, ਪੰਜਾਬੀ ਲੋਕ ਗੀਤ, ਬੋਲੀਆਂ ਤੇ ਰਵਾਇਤੀ ਸੱਭਿਆਚਾਰਕ ਪੇਸ਼ਕਾਰੀਆਂ ਨੇ ਪਲਾਂ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ। ਪੂਰਾ ਮਾਹੌਲ ਪੰਜਾਬੀਅਤ ਨਾਲ ਰੰਗਿਆ ਨਜ਼ਰ ਆਇਆ। ਇਸ ਮੌਕੇ ਹਲਕਾ ਕੈਂਟ ਦੇ ਵੱਖ-ਵੱਖ ਸਕੂਲਾਂ ਤੇ ਸੁਸਾਇਟੀਆਂ ਦੇ ਬੱਚਿਆਂ ਵੱਲੋਂ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ ਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਹਿੱਸਾ ਹਨ। ਇਹ ਔਰਤਾਂ ਲਈ ਖੁਸ਼ੀਆਂ ਸਾਂਝੀਆਂ ਕਰਨ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਪ੍ਰੋਗਰਾਮ ’ਚ ਪੁੱਜਣ ਵਾਲਿਆਂ ਦਾ ਧੰਨਵਾਦ ਕੀਤਾ।