
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੀਟੀ ਗਰੁੱਪ ’ਚ ਰਵਾਇਤੀ ਰੰਗਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

-ਸ਼ਾਹਪੁਰ ਤੇ ਮਕਸੂਦਾਂ ਕੈਂਪਸ ’ਚ ਗਿੱਧਾ, ਬੋਲੀਆਂ, ਲੋਕ-ਗੀਤਾਂ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਬੰਨ੍ਹਿਆ ਸਮਾਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਤੇ ਮਕਸੂਦਾਂ ਕੈਂਪਸ ’ਚ ਤੀਆਂ-2026 ਦਾ ਤਿਉਹਾਰ ਮਨਾਇਆ ਗਿਆ। ਦੋਵਾਂ ਕੈਂਪਸਾਂ ’ਚ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ਼ ਨੇ ਰਵਾਇਤੀ ਤੇ ਸੱਭਿਆਚਾਰਕ ਪਹਿਰਾਵਿਆਂ ’ਚ ਸਜ ਕੇ ਸਮਾਗਮ ਦੀ ਰੌਣਕ ਵਧਾਈ। ਗਿੱਧਾ, ਲੋਕ-ਨਾਚ, ਸੱਭਿਆਚਾਰਕ ਨਾਟਕ, ਬੋਲੀਆਂ ਤੇ ਪੰਜਾਬੀ ਲੋਕ-ਗੀਤਾਂ ਨੇ ਪੂਰੇ ਕੈਂਪਸ ਨੂੰ ਪੰਜਾਬੀ ਵਿਰਸੇ ਦੇ ਰੰਗ ’ਚ ਰੰਗ ਦਿੱਤਾ। ਸੀਟੀ ਮਿਊਜ਼ੀਕਲ ਸੋਸਾਇਟੀ ਵੱਲੋਂ ਪੰਜਾਬੀ ਲੋਕ-ਗੀਤਾਂ ਤੇ ਬੋਲੀਆਂ ਦੀਆਂ ਸੁਰੀਲੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਮਲਵਈ ਗਿੱਧਾ ਰਿਹਾ। ਮਕਸੂਦਾਂ ਕੈਂਪਸ ’ਚ ਤੀਆਂ ਦਾ ਸਮਾਗਮ ਦੋ ਸੈਸ਼ਨਾਂ ’ਚ ਕਰਵਾਇਆ ਗਿਆ। ਸਵੇਰ ਦਾ ਸੈਸ਼ਨ ਵਿਦਿਆਰਥੀਆਂ ਨੂੰ ਸਮਰਪਿਤ ਰਿਹਾ, ਜਿਸ ਦੌਰਾਨ ਰੰਗੋਲੀ, ਨੇਲ ਆਰਟ, ਹੇਅਰ ਸਟਾਈਲਿੰਗ, ਮਹਿੰਦੀ, ਪਰਾਂਦਾ ਗੁੰਦਣਾ, ਸੱਭਿਆਚਾਰਕ ਗਤੀਵਿਧੀਆਂ, ਰੈਂਪ ਵਾਕ ਤੇ ਓਪਨ ਡੀਜੇ ਸਮੇਤ ਕਈ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਮਿਸ ਤੀਆਂ ਮੁਕਾਬਲਾ ਸਮਾਗਮ ਦਾ ਖਾਸ ਆਕਰਸ਼ਣ ਰਿਹਾ, ਜਿਸ ’ਚ ਵਿਦਿਆਰਥਣਾਂ ਨੇ ਆਤਮ-ਵਿਸ਼ਵਾਸ, ਸਲੀਕਾ, ਰਚਨਾਤਮਕਤਾ ਤੇ ਪੰਜਾਬੀ ਸੱਭਿਆਚਾਰ ਬਾਰੇ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ। ਦੁਪਹਿਰ ਦਾ ਸੈਸ਼ਨ ਸੀਟੀ ਪਬਲਿਕ ਸਕੂਲ ਤੇ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਮਕਸੂਦਾਂ ਦੇ ਅਧਿਆਪਕਾਂ ਲਈ ਕਰਵਾਇਆ ਗਿਆ। ਮਹਿਲਾ ਅਧਿਆਪਕਾਂ ਤੇ ਸਟਾਫ਼ ਮੈਂਬਰਾਂ ਨੇ ਰਵਾਇਤੀ ਪਹਿਰਾਵਿਆਂ, ਸੰਗੀਤ, ਸੱਭਿਆਚਾਰਕ ਗਤੀਵਿਧੀਆਂ ਰਾਹੀਂ ਰੌਣਕ ਲਾਈ। ਸਮਾਗਮ ’ਚ ਪਰਵੀਨ ਅਬਰੋਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਹਿ-ਚੇਅਰਪਰਸਨ ਪਰਮਿੰਦਰ ਕੌਰ ਚੰਨੀ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਾਨਿਕਾ ਤੇ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ।