- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਹਕੋਟ ਫੁੱਟਬਾਲ ਕੱਪ ਦੇ ਤੀਜੇ ਦਿਨ ਟੀਮਾਂ ਨੇ ਦਿਖਾਇਆ ਦਮਖ਼ਮ, ਫਾਈਨਲ ਮੁਕਾਬਲੇ ਅੱਜ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਤਹਿਸੀਲ ਗਰਾਊਂਡ ਵਿਖੇ ਆਜ਼ਾਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ 19ਵਾਂ ਚਾਰ-ਰੋਜ਼ਾ ਫੁੱਟਬਾਲ ਕੱਪ ਸ਼ਨੀਵਾਰ ਨੂੰ ਆਪਣੇ ਤੀਜੇ ਪੜਾਅ ‘ਤੇ ਪਹੁੰਚ ਗਿਆ, ਜਿੱਥੇ ਟੀਮਾਂ ਵਿਚਾਲੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਪੂਰਾ ਦਿਨ ਜ਼ਬਰਦਸਤ ਭੇੜ ਦੇਖਣ ਨੂੰ ਮਿਲਿਆ। ਕਲੱਬ ਪ੍ਰਧਾਨ ਬੂਟਾ ਸਿੰਘ ਕਲਸੀ ਅਤੇ ਸਰਪ੍ਰਸਤ ਬਲਕਾਰ ਸਿੰਘ ਚੱਠਾ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਖੇਡ ਮਹਾਂਕੁੰਭ ਦੇ ਤੀਜੇ ਦਿਨ ਦੀ ਰਸਮੀ ਸ਼ੁਰੂਆਤ ਮੁੱਖ ਮਹਿਮਾਨ ਅਮਨਦੀਪ ਵਿੱਗ ਅਤੇ ਨਛੱਤਰ ਸਿੰਘ (ਮੀਤ ਮੋਟਰ ਗੈਰਿਜ) ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮਹਿਮਾਨਾਂ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਅਜਿਹੇ ਖੇਡ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਖੇਡਾਂ ਹੀ ਨੌਜਵਾਨ ਪੀੜ੍ਹੀ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜ ਕੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ, ਜਿਸ ਲਈ ਸਮੁੱਚੀ ਪ੍ਰਬੰਧਕ ਟੀਮ ਅਤੇ ਐੱਨਆਰਆਈ ਸਹਿਯੋਗੀ ਵਧਾਈ ਦੇ ਪਾਤਰ ਹਨ। ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਨੇ ਕਿਹਾ ਕਿ ਫੁੱਟਬਾਲ ਖੇਡ ਪ੍ਰਤੀ ਨੌਜਵਾਨਾਂ ਦਾ ਵਧ ਰਿਹਾ ਰੁਝਾਨ ਕਲੱਬ ਦੀ ਮਿਹਨਤ ਦੀ ਅਸਲ ਕਾਮਯਾਬੀ ਹੈ।
ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਟੂਰਨਾਮੈਂਟ ਦੇ ਆਖਰੀ ਦਿਨ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਖੇਡੇ ਜਾਣਗੇ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਹਿਮਾਨਾਂ ਵੱਲੋਂ ਜੇਤੂ ਟੀਮਾਂ ਨੂੰ ਟਰਾਫੀ ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਨੀਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲਿਆਂ ਦੌਰਾਨ 56 ਕਿੱਲੋ ਭਾਰ ਵਰਗ ਵਿਚ ਭੋਇਪੁਰ ਨੇ ਨੰਗਲ ਅੰਬੀਆਂ ਨੂੰ, ਮੀਏਂਵਾਲ ਅਰਾਈਆਂ ਨੇ ਸ਼ੰਕਰ-ਏ ਨੂੰ, ਧਰਾਂਗਵਾਲਾ ਨੇ ਕਮਾਲਕੇ ਨੂੰ, ਬਾਠ ਕਲਾਂ ਨੇ ਤਲਵੰਡੀ ਬੂਟਿਆਂ ਨੂੰ ਅਤੇ ਚੱਕ ਮੁਗਲਾਣੀ ਨੇ ਨੂਰਪੁਰ ਚੱਠਾ ਨੂੰ ਹਰਾਇਆ। ਇਸੇ ਤਰ੍ਹਾਂ ਓਪਨ ਵਿਚ ਖੱਬੇ ਡੋਗਰਾ ਨੇ ਸ਼ੰਕਰ ਨੂੰ ਅਤੇ ਜਲੰਧਰ ਕੈਂਟ ਨੇ ਨੰਗਲ ਅੰਬੀਆਂ ਨੂੰ ਹਰਾ ਕੇ ਅਗਲੇ ਪੜਾਅ ਵਿਚ ਆਪਣੀ ਥਾਂ ਪੱਕੀ ਕੀਤੀ। ਇਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਵਿਜੇ ਵਿੱਗ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਰਾਮਗੜੀਆ ਸਕੂਲ ਦੇ ਖਜ਼ਾਨਚੀ ਤਰਲੋਕ ਸਿੰਘ ਰੂਪਰਾ, ਸਮਾਜ ਸੇਵਕ ਮਦਨ ਲਾਲ ਅਰੋੜਾ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ‘ਆਪ’ ਆਗੂ ਆਸ਼ੂ ਗੁਪਤਾ, ਬਖ਼ਸ਼ੀਸ਼ ਸਿੰਘ ਝੀਤਾ, ਬਲਦੇਵ ਸਿੰਘ ਝੀਤਾ, ਨਰਿੰਦਰ ਸਿੰਘ ਖਿੰਡਾ, ਸੀਐੱਚਟੀ ਸੁਰਿੰਦਰ ਵਿੱਗ, ਹੈੱਡ ਗ੍ਰੰਥੀ ਭਾਈ ਸੁਖਨਾਮ ਸਿੰਘ, ਸਾਬਕਾ ਬੀਪੀਈਓ ਗੁਲਸ਼ਨ ਲਾਲ ਵਿੱਗ, ਸ਼ਿੰਦਰਪਾਲ, ਪ੍ਰਿੰਸ ਐਦਲਪੁਰ, ਸ਼ੁਭਮ ਰੂਪੇਵਾਲ, ਅਰਸ਼ਦੀਪ, ਗੁਰਵਿੰਦਰ ਸਿੰਘ, ਪ੍ਰਭਜੋਤ, ਸਵਰਾਜ ਸਿੰਘ ਸੈਂਹਬੀ, ਰਾਜੂ ਕੋਚ, ਅੰਸ਼ ਵਿੱਗ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।