‘ਹੈਪੀ ਕਲਾਸਰੂਮ’ ਵਿਸ਼ੇ ਸਬੰਧੀ ਕਰਵਾਇਆ ਸੈਮੀਨਾਰ ਖੁਦ ਖੁਸ਼ ਰਹਿ ਕੇ ਵਿਦਿਆਰਥੀਆਂ ਲਈ ਸਕਾਰਾਤਮਕ ਵਾਤਾਵਰਣ ਪੈਦਾ ਕਰ ਸਕਦੇ ਨੇ ਅਧਿਆਪਕ
Publish Date: Wed, 09 Sep 2026 07:35 PM (IST)
Updated Date: Wed, 09 Sep 2026 07:37 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੈਪੀ ਕਲਾਸਰੂਮ ਵਿਸ਼ੇ ਤੇ ਡਾ. ਵਿਦੁਰ ਜੋਤੀ ਚੇਅਰਮੈਨ, ਟਰੱਸਟ ਤੇ ਡਾ. ਸੁਵਿਕਰਮ ਜੋਤੀ ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ/ਜਨਰਲ ਸਕੱਤਰ, ਟਰੱਸਟ ਦੀ ਸਰਪ੍ਰਸਤੀ ਹੇਠ ਤੇ ਪ੍ਰਿੰਸੀਪਲ ਪ੍ਰਵੀਨ ਸੈਲੀ ਦੀ ਅਗਵਾਈ ਹੇਠ ਸ਼ਿਵ ਜਯੋਤੀ ਪਬਲਿਕ ਸਕੂਲ ’ਚ ਸੈਮੀਨਾਰ ਕਰਵਾਇਆ ਗਿਆ। ਸੈਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਸੈਂਟਰ ਆਫ਼ ਐਕਸੀਲੈਂਸ ਵੱਲੋਂ ਕਰਵਾਏ ਗਏ ਇਸ ਸੈਮੀਨਾਰ ’ਚ ਸਕੂਲ ਦੇ 60 ਅਧਿਆਪਕਾਂ ਨੇ ਹਿੱਸਾ ਲਿਆ। ਅਧਿਆਪਕਾਂ ਦੀ ਪ੍ਰਾਰਥਨਾ ਤੋਂ ਬਾਅਦ ਪ੍ਰਿੰਸੀਪਲ ਪ੍ਰਵੀਨ ਸੈਲੀ ਨੇ ਸੀਬੀਐੱਸਈ ਸਰੋਤ ਵਿਅਕਤੀਆਂ ਵੰਦਨਾ ਚੋਪੜਾ ਪ੍ਰਿੰਸੀਪਲ, ਸਰਵਹਿਤਕਾਰੀ ਵਿਦਿਆ ਮੰਦਰ, ਫਗਵਾੜਾ ਤੇ ਰਣਜੀਤ ਸਿੰਘ ਪ੍ਰਿੰਸੀਪਲ, ਐੱਸਬੀਬੀਐੱਸ ਇੰਟਰਨੈਸ਼ਨਲ ਸਕੂਲ, ਖਿਆਲਾ ਪਧਿਆਣਾ, ਜਲੰਧਰ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਧੰਨਵਾਦ ਦੇ ਪ੍ਰਤੀਕ ਵਜੋਂ ਪੌਦੇ ਭੇਟ ਕੀਤੇ। ਸੈਮੀਨਾਰ ਦੌਰਾਨ ਵੰਦਨਾ ਚੋਪੜਾ ਤੇ ਰਣਜੀਤ ਸਿੰਘ ਨੇ ਹੈਪੀ ਕਲਾਸਰੂਮ ਦੇ ਅਰਥ ਤੇ ਉਦੇਸ਼ਾਂ ਬਾਰੇ ਦੱਸਿਆ। ਉਨ੍ਹਾਂ ਨੇ ਅਧਿਆਪਕਾਂ ਦੀ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੁਦ ਖੁਸ਼ ਰਹਿ ਕੇ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਇਕ ਸਕਾਰਾਤਮਕ ਵਾਤਾਵਰਣ ਪੈਦਾ ਕਰ ਸਕਦੇ ਹਨ। ਪ੍ਰਿੰਸੀਪਲ ਪ੍ਰਵੀਨ ਸੈਲੀ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੇ ਗਿਆਨ ਤੇ ਹੁਨਰ ਨੂੰ ਵਧਾਉਂਦੇ ਹਨ। ਉਨ੍ਹਾਂ ਵਾਈਸ-ਪ੍ਰਿੰਸੀਪਲ ਰਮਨਦੀਪ ਤੇ ਸਹਾਇਕ ਵਾਈਸ-ਪ੍ਰਿੰਸੀਪਲ ਮਮਤਾ ਅਰੋੜਾ ਦੇ ਨਾਲ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ।