ਟਕਸਾਲੀ ਵਰਕਰਾਂ ਅਣਗੌਲਿਆ ਜਾ ਰਿਹੈ : ਕਾਲਾ
ਵਿਧਾਨ ਸਭਾ ਹਲਕਾ ਫਿਲੌਰ ਦੀ ਹਾਈਕਮਾਂਡ ਵੱਲੋਂ ਟਕਸਾਲੀ ਵਰਕਰਾਂ ਨੂੰ ਕੀਤਾ ਜਾ ਰਿਹੈ ਅਣਗੋਲਿਆਂ - ਵਾਈਸ ਪ੍ਰਧਾਨ ਜਤਿੰਦਰ ਸਿੰਘ ਕਾਲਾ
Publish Date: Thu, 19 Feb 2026 06:36 PM (IST)
Updated Date: Thu, 19 Feb 2026 06:39 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਵਿਧਾਨ ਸਭਾ ਹਲਕਾ ਫਿਲੌਰ ਦੀ ਹਾਈਕਮਾਂਡ ਵੱਲੋਂ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਜਾ ਰਿਹਾ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਯੂਥ ਵਿੰਗ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਕਾਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਲਗਾਏ। ਉਨ੍ਹਾਂ ਕਿਹਾ ਕਿ ਜਿੱਥੇ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਉੱਥੇ ਹਲਕਾ ਫਿਲੌਰ ਦੀ ਪਾਰਟੀ ਲੀਡਰਸ਼ਿਪ ਆਪਣੇ ਹੀ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜਤਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਹ 2012 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ ਤੇ ਹਮੇਸ਼ਾ ਪਾਰਟੀ ਗਤੀਵਿਧੀਆਂ ’ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਟਕਸਾਲੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਸ਼ਾਮਲ ਹੋਏ ਲੋਕਾਂ ਨੂੰ ਟਿਕਟਾਂ ’ਤੇ ਅਹੁਦੇ ਦਿੱਤੇ ਗਏ, ਜਿਸ ਨਾਲ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਹਲਕਾ ਫਿਲੌਰ ’ਚ ਨਸ਼ਾ, ਨਾਜਾਇਜ਼ ਮਾਇਨਿੰਗ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਜਦਕਿ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ। ਪਿੰਡ ਹਰੀਪੁਰ ਖਾਲਸਾ ’ਚ ਅਧਿਆਪਕਾਂ ਦੀ ਕਮੀ ਕਾਰਨ 6 ਫਰਵਰੀ 2026 ਨੂੰ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਲਾਸਿਟਕ ਡੋਰ ਤੇ ਰੇਤ ਮਾਫੀਆ ਦੇ ਮਸਲੇ ’ਤੇ ਵੀ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਰਹੀ। ਜਤਿੰਦਰ ਸਿੰਘ ਕਾਲਾ ਨੇ ਪੰਜਾਬ ਹਾਈ ਕਮਾਂਡ ਤੋਂ ਮਾਮਲੇ ’ਚ ਤੁਰੰਤ ਦਖਲ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਟਕਸਾਲੀ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਅੱਪਰਾ ਵਿਖੇ ਭਾਰੀ ਇਕੱਠ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।