- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਾਕਾ ਮਾਰਕੀਟ ’ਤੇ ਮੁੜ ਲਟਕੀ ਤਲਵਾਰ, ਡਰਾਅ ਮੁਲੱਤਵੀ

-ਅੱਜ ਹੀ ਹੈ ਅਦਾਲਤ ਵਿੱਚ ਕੇਸ ਦੀ ਸੁਣਵਾਈ
-ਡਰਾਅ 29 ਨੂੰ ਕੱਢੇ ਜਾਣੇ ਸੀ ਪਰ ਅਗਲੇ ਹੁਕਮਾਂ ਤੱਕ ਰੁਕੇ,
ਲਖਬੀਰ, ਪੰਜਾਬੀ ਜਾਗਰਣ ਜਲੰਧਰ
ਜਲੰਧਰ ਦੇ ਪਿੰਡ ਰਾਊਵਾਲੀ ਵਿੱਚ ਪਠਾਨਕੋਟ ਰੋਡ ’ਤੇ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਪਟਾਕਾ ਮਾਰਕੀਟ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਵਾਸਤੇ 29 ਅਕਤੂਬਰ 2026 ਨੂੰ ਕੱਢੇ ਜਾਣ ਵਾਲੇ ਡਰਾਅ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਓਧਰ, ਦੂਜੇ ਪਾਸੇ ਪਟਾਕਾ ਮਾਰਕੀਟ ਸਬੰਧੀ ਅਦਾਲਤ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਵੀ ਅੱਜ ਹੀ ਅਰਥਾਤ 29 ਅਕਤੂਬਰ ਨੂੰ ਹੀ ਹੈ। ਇਸ ਫ਼ੈਸਲੇ ਨਾਲ ਮਾਰਕੀਟ ’ਚ ਦੁਕਾਨਾਂ ਲਗਾਉਣ ਦੀ ਉਡੀਕ ਕਰ ਰਹੇ ਵਪਾਰੀਆਂ ਨੂੰ ਮੁੜ ਇੰਤਜ਼ਾਰ ਕਰਨਾ ਪਵੇਗਾ। ਦੂਜੇ ਪਾਸੇ, ਪਿੰਡ ਦੇ ਸਰਪੰਚ ਜਸਵੀਰ ਸਿੰਘ ਰਾਣਾ ਨੂੰ ਲੈ ਕੇ ਪਟਾਕਾ ਵਪਾਰੀਆਂ ਵੱਲੋਂ ਪਹਿਲਾਂ ਹੀ ਵਿਰੋਧ ਦਾ ਮੋਰਚਾ ਖੋਲ੍ਹਿਆ ਜਾ ਚੁੱਕਾ ਹੈ। ਏਡੀਸੀ (ਜਨਰਲ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਾਊਵਾਲੀ, ਪਠਾਨਕੋਟ ਰੋਡ, ਜ਼ਿਲ੍ਹਾ ਜਲੰਧਰ ਵਿਖੇ ਪਟਾਕਾ ਮਾਰਕੀਟ ਲਗਾਉਣ ਸਬੰਧੀ ਆਰਜ਼ੀ ਲਾਇਸੈਂਸ ਲੈਣ ਲਈ ਡਰਾਅ ਕੱਢਣ ਦੀ ਮਿਤੀ 29 ਅਕਤੂਬਰ ਨਿਰਧਾਰਤ ਕੀਤੀ ਗਈ ਸੀ। ਹੁਣ ਇਹ ਡਰਾਅ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ।
---
ਸਰਪੰਚ ਖ਼ਿਲਾਫ਼ ਵਪਾਰੀਆਂ ਨੇ ਖੋਲ੍ਹਿਆ ਸੀ ਮੋਰਚਾ
ਰਾਊਵਾਲੀ ਪਟਾਕਾ ਮਾਰਕੀਟ ਨੂੰ ਲੈ ਕੇ ਵਪਾਰੀਆਂ ਅਤੇ ਪਿੰਡ ਪੱਧਰ ’ਤੇ ਉੱਠੇ ਵਿਵਾਦ ਨੇ ਪਹਿਲਾਂ ਵੀ ਤੂਲ ਫੜਿਆ ਸੀ। ਪਟਾਕਾ ਵਪਾਰੀਆਂ ਵੱਲੋਂ ਪਿੰਡ ਦੇ ਸਰਪੰਚ ਜਸਵੀਰ ਸਿੰਘ ਰਾਣਾ ਖ਼ਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਕਿਸੇ ਕਾਰਨਾਂ ਕਰਕੇ ਧਰਨਾ ਮੁਲਤਵੀ ਹੋ ਗਿਆ ਸੀ। ਵਪਾਰੀ ਮਾਰਕੀਟ ਵਿੱਚ ਦੁਕਾਨਾਂ ਲਗਾਉਣ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਮੰਗ ਕਰ ਰਹੇ ਸਨ, ਜਦਕਿ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵੀ ਆਪਣੇ ਇਤਰਾਜ਼ ਉਠਾਏ ਗਏ ਸਨ। ਵਪਾਰੀਆਂ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਹੈ, ਜਦਕਿ ਪਿੰਡ ਵਾਸੀਆਂ ਦੇ ਇਤਰਾਜ਼ ਵੀ ਇਸ ਮਾਮਲੇ ਦਾ ਅਹਿਮ ਹਿੱਸਾ ਬਣੇ ਹੋਏ ਹਨ।
---
ਤਿਆਰੀਆਂ ’ਤੇ ਪਿਆ ਅਸਰ
ਆਰਜ਼ੀ ਲਾਇਸੈਂਸਾਂ ਲਈ ਡਰਾਅ ਦੀ ਮਿਤੀ ਨਿਰਧਾਰਤ ਹੋਣ ਕਾਰਨ ਵਪਾਰੀ ਅਗਲੀ ਪ੍ਰਕਿਰਿਆ ਦੀ ਉਡੀਕ ਕਰ ਰਹੇ ਸਨ ਪਰ ਹੁਣ ਡਰਾਅ ਮੁਲਤਵੀ ਹੋਣ ਨਾਲ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਫਿਲਹਾਲ ਰੁਕ ਗਈ ਹੈ। ਦੂਜੇ ਪਾਸੇ, ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਜਸਵੀਰ ਸਿੰਘ ਰਾਣਾ ਦੀ ਭੂਮਿਕਾ ਨੂੰ ਲੈ ਕੇ ਵਪਾਰੀਆਂ ਵੱਲੋਂ ਪਹਿਲਾਂ ਕੀਤੇ ਗਏ ਵਿਰੋਧ ਦੇ ਮੱਦੇਨਜ਼ਰ ਵਿਵਾਦ ਦੇ ਹੱਲ ਦੀ ਉਡੀਕ ਵੀ ਬਰਕਰਾਰ ਹੈ। ਹਾਲਾਂਕਿ, ਡਰਾਅ ਮੁਲਤਵੀ ਕਰਨ ਦੇ ਹੁਕਮ ’ਚ ਸਰਪੰਚ ਨਾਲ ਜੁੜੇ ਵਿਵਾਦ ਨੂੰ ਇਸ ਫ਼ੈਸਲੇ ਦਾ ਕਾਰਨ ਨਹੀਂ ਦੱਸਿਆ ਗਿਆ। ਓਧਰ ਦੂਜੇ ਪਾਸੇ ਰਾਊਵਾਲੀ ਪਟਾਕਾ ਮਾਰਕੀਟ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਅਦਾਲਤ ਵੀ ਕੇਸ ਕੀਤਾ ਹੋਇਆ ਹੈ। ਜਿਸਦੀ ਅਗਲੀ ਸੁਣਵਾਈ 29 ਅਕਤੂਬਰ 2026 ਯਾਨਿਕਿ ਅੱਜ ਹੀ ਹੋਣੀ ਹੈ। ਫਿਲਹਾਲ ਅਦਾਲਤ ਨੇ ਸਿਰਫ ਅੰਤਰਿਮ ਰੋਕ ਲਗਾਈ ਹੈ ਅਤੇ ਕੇਸ ਦਾ ਅੰਤਿਮ ਫੈਸਲਾ ਅਜੇ ਨਹੀਂ ਹੋਇਆ।