ਜ਼ਿਲ੍ਹੇ ’ਚ 7 ਹੋਈ ਸਵਾਈਲ ਫਲੂ ਦੇ ਮਰੀਜ਼ਾਂ ਦੇ ਗਿਣਤੀ ਜਲੰਧਰ 'ਚ ਸਵਾਈਨ ਫਲੂ ਦਾ ਕਹਿਰ: 7 ਬਜ਼ੁਰਗ ਮਰੀਜ਼ ਆਏ ਪਾਜ਼ੇਟਿਵ, ਸਿਹਤ ਵਿਭਾਗ ਵੱਲੋਂ ਹਾਈ-ਰਿਸਕ ਗਰੁੱਪਾਂ ਲਈ ਵਿਸ਼ੇਸ਼ ਅਲਰਟ ਜਾਰੀ
Publish Date: Thu, 03 Sep 2026 09:47 PM (IST)
Updated Date: Thu, 03 Sep 2026 09:49 PM (IST)
9 ਮਰੀਜ਼ਾਂ ਦੀ ਸਵਾਈਨ ਫਲੂ ਦੀ ਰਿਪੋਰਟ ਆਉਣੀ ਬਾਕੀ, ਤਿੰਨ ਨਵੇਂ ਮਰੀਜ਼ਾਂ ਦੇ ਪਹੁੰਚੇ ਸੈਂਪਲ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਸਵਾਈਨ ਫਲੂ ਵਰਗੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਿਹਤ ਵਿਭਾਗ ਅਲਰਟ ’ਤੇ ਹੈ। ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ’ਚ ਬੁਖਾਰ, ਖੰਘ ਤੇ ਜ਼ੁਕਾਮ ਦੇ ਮਰੀਜ਼ਾਂ ਦੀ ਭੀੜ ਵਧਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਸਿਹਤ ਵਿਭਾਗ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 6 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ’ਚ ਇਸ ਸਾਲ ਕੁੱਲ ਮਰੀਜ਼ਾਂ ਦੀ ਗਿਣਤੀ 7 ਹੋ ਗਈ ਹੈ। ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ’ਚ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਤੋਂ ਭੇਜੇ ਗਏ 9 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਨ੍ਹਾਂ ’ਚ ਜ਼ਿਆਦਾਤਰ ਬਜ਼ੁਰਗ ਮਰੀਜ਼ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਹਿਸ਼ਤ ’ਚ ਆਉਣ ਦੀ ਲੋੜ ਨਹੀਂ ਹੈ, ਸਿਰਫ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਤੋਂ ਸਵਾਈਨ ਫਲੂ ਦੇ ਤਿੰਨ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਭੇਜਿਆ ਜਾਵੇਗਾ। ਫਿਲਹਾਲ ਜ਼ਿਲ੍ਹੇ ’ਚ ਕੁੱਲ ਛੇ ਸ਼ੱਕੀ ਮਰੀਜ਼ਾਂ ’ਚੋਂ ਇਕ ਮਰੀਜ਼ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖਲ ਹੈ ਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜਦਕਿ ਪੰਜ ਮਰੀਜ਼ਾਂ ਨੂੰ ਘਰਾਂ ’ਚ ਹੀ ਆਈਸੋਲੇਟ ਕੀਤਾ ਗਿਆ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਉਨ੍ਹਾਂ ਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ’ਤੇ ਨਜ਼ਰ ਰੱਖ ਰਹੀਆਂ ਹਨ ਤੇ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਡਾ. ਗਰਗ ਨੇ ਕਿਹਾ ਕਿ ਵਿਭਾਗ ਨੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਟਾਫ ਦੀ ਸੁਰੱਖਿਆ ਲਈ ਵੀ ਪੱਕੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਡਿਊਟੀ ’ਤੇ ਤਾਇਨਾਤ ਸਟਾਫ ਨੂੰ ਵੈਕਸੀਨ ਲਗਾਉਣ ਲਈ ਸਰਕਾਰ ਨੂੰ ਮੰਗ ਭੇਜ ਦਿੱਤੀ ਗਈ ਹੈ। ਜ਼ਿਲ੍ਹੇ ’ਚ ਕਰੀਬ 400 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੈਕਸੀਨ ਦੀ ਡੋਜ਼ ਲਗਾਈ ਜਾਵੇਗੀ। ਉਨ੍ਹਾਂ ਨੇ ਸਰਕਾਰੀ ਹਸਪਤਾਲਾਂ ’ਚ ਤਾਇਨਾਤ ਸਾਰੇ ਸਟਾਫ ਨੂੰ ਮਾਸਕ ਪਾ ਕੇ ਹੀ ਮਰੀਜ਼ਾਂ ਦਾ ਇਲਾਜ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਬਚਣ, ਹੱਥਾਂ ਨੂੰ ਵਾਰ-ਵਾਰ ਧੋਣ ਅਤੇ ਬੁਖਾਰ ਜਾਂ ਖੰਘ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨ। ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਟੈਸਟ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਤਿੰਨ ਸ਼੍ਰੇਣੀਆਂ ਏ, ਬੀ ਤੇ ਸੀ ’ਚ ਵੰਡਿਆ ਜਾਂਦਾ ਹੈ। ਸ਼੍ਰੇਣੀ ਏ ਤੇ ਬੀ : ਹਲਕੇ ਲੱਛਣ ਜਿਵੇਂ ਬੁਖਾਰ, ਖੰਘ, ਗਲੇ ’ਚ ਖਰਾਸ਼। ਇਨ੍ਹਾਂ ਨੂੰ ਸਿਰਫ਼ ਹੋਮ ਆਈਸੋਲੇਸ਼ਨ, ਆਰਾਮ ਤੇ ਲੱਛਣਾਂ ਅਨੁਸਾਰ ਦਵਾਈ ਦੀ ਲੋੜ ਹੁੰਦੀ ਹੈ। ਇਹਨਾਂ ਦਾ ਟੈਸਟ ਜ਼ਰੂਰੀ ਨਹੀਂ ਹੈ। ਸ਼੍ਰੇਣੀ ਸੀ : ਤੇਜ਼ ਬੁਖਾਰ ਦੇ ਨਾਲ ਸਾਹ ਲੈਣ ਚ ਤਕਲੀਫ਼, ਛਾਤੀ ਚ ਦਰਦ, ਘੱਟ ਬਲੱਡ ਪ੍ਰੈਸ਼ਰ ਵਰਗੇ ਗੰਭੀਰ ਲੱਛਣ। ਟੈਸਟ ਸਿਰਫ਼ ਸ਼੍ਰੇਣੀ ਸੀ ਦੇ ਮਰੀਜ਼ਾਂ ਦਾ ਹੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ’ਚ ਕਿਸੇ ਵੀ ਪ੍ਰਾਈਵੇਟ ਲੈਬ ਨੂੰ ਸਵਾਈਨ ਫਲੂ ਟੈਸਟ ਦੀ ਮਾਨਤਾ ਨਹੀਂ ਦਿੱਤੀ ਗਈ। ਸੈਂਪਲ ਇਕੱਠੇ ਕਰਕੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਭੇਜੇ ਜਾਂਦੇ ਹਨ। ਰਾਜ ’ਚ ਇਹ ਟੈਸਟ ਕਰਨ ਲਈ ਸਿਰਫ਼ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ, ਪੀਜੀਆਈ ਚੰਡੀਗੜ੍ਹ ਤੇ ਡੀਐੱਮਸੀ ਲੁਧਿਆਣਾ ਹੀ ਅਧਿਕਾਰਤ ਹਨ।