- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਸਲਾਹ ਸਿਹਤ ਸਲਾਹ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਹਰ ਸਾਲ ਮੌਸਮ ਬਦਲਣ ਦੇ ਨਾਲ ਹੀ ਹਸਪਤਾਲਾਂ ਦੀਆਂ ਓ.ਪੀ.ਡੀ. ਵਿੱਚ ਇੱਕ ਚਿੰਤਾਜਨਕ ਪੈਟਰਨ ਦੇਖਣ ਨੂੰ ਮਿਲਦਾ ਹੈ। ਮਰੀਜ਼ ਤੇਜ਼ ਬੁਖਾਰ, ਸਰੀਰ ਵਿੱਚ ਅਸਹਿ ਦਰਦ, ਗਲੇ ਵਿੱਚ ਖਰਾਸ਼ ਅਤੇ ਲਗਾਤਾਰ ਆਉਂਦੀ ਖੰਘ ਵਰਗੀਆਂ ਸਮੱਸਿਆਵਾਂ ਨਾਲ ਪਹੁੰਚ ਰਹੇ ਹਨ। ਜ਼ਿਆਦਾਤਰ ਲੋਕ ਇਸ ਨੂੰ ਮੌਸਮੀ ਵਾਇਰਲ ਸਮਝ ਕੇ ਘਰ ਵਿੱਚ ਹੀ ਖੁਦ-ਦਵਾਈ ਲੈਣ ਦੀ ਗਲਤੀ ਕਰ ਰਹੇ ਹਨ। ਪ੍ਰੰਤੂ, ਕੁਝ ਹੀ ਦਿਨਾਂ ਵਿੱਚ ਜਦੋਂ ਲੱਛਣ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ ਅਤੇ ਸਾਹ ਲੈਣ ਵਿੱਚ ਤਕਲੀਫ਼ ਵੱਧ ਜਾਂਦੀ ਹੈ ਤਾਂ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਭਰਤੀ ਕਰਵਾਉਣਾ ਪੈਂਦਾ ਹੈ, ਜਿੱਥੇ ਟੈਸਟ ਕਰਨ 'ਤੇ ਸਵਾਈਨ ਫਲੂ ਦੀ ਪੁਸ਼ਟੀ ਹੁੰਦੀ ਹੈ। ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਅਨੁਸਾਰ ਇਸ ਵਾਇਰਸ ਨੂੰ ਅਧਿਕਾਰਤ ਤੌਰ 'ਤੇ 'ਸੀਜ਼ਨਲ ਇਨਫਲੂਐਂਜ਼ਾ ਕਿਹਾ ਜਾਂਦਾ ਹੈ। ਇਹ ਸ਼ੁਰੂਆਤ ਵਿੱਚ ਆਮ ਫਲੂ ਵਾਂਗ ਲੱਗਦਾ ਹੈ ਪਰ ਬਹੁਤ ਤੇਜ਼ੀ ਨਾਲ ਫੇਫੜਿਆਂ ਤੱਕ ਫੈਲ ਕੇ ਨਿਮੋਨੀਆ ਦਾ ਰੂਪ ਧਾਰਨ ਕਰ ਸਕਦਾ ਹੈ।
---
ਸ਼ੁਰੂਆਤੀ ਦੇਰੀ ਹੀ ਬਣਦੀ ਹੈ ਹਸਪਤਾਲ ਦਾ ਬੈੱਡ ਜਾਂ ਆਕਸੀਜਨ ਦੀ ਵਜ੍ਹਾ
ਜਲੰਧਰ ਦੇ ਫੋਰਟਿਸ ਹਸਪਤਾਲ ਦੀ ਇੰਟਰਨਲ ਮੈਡੀਸਿਨ ਕੰਸਲਟੈਂਟ ਡਾ. ਪ੍ਰੀਤੀ ਸਲਹਾਨ ਅਨੁਸਾਰ ਗੰਭੀਰ ਸਥਿਤੀ ਵਿੱਚ ਪਹੁੰਚਣ ਵਾਲੇ ਲਗਭਗ ਹਰ ਮਰੀਜ਼ ਦਾ ਇਹੀ ਕਹਿਣਾ ਹੁੰਦਾ ਹੈ ਕਿ ਸ਼ੁਰੂ ਦੇ 2-3 ਦਿਨ ਉਨ੍ਹਾਂ ਨੇ ਇਸ ਨੂੰ ਹਲਕੇ ਵਿੱਚ ਲਿਆ। ਜਦੋਂ ਤੱਕ ਮਰੀਜ਼ ਨੂੰ ਸਾਹ ਚੜ੍ਹਨ ਲੱਗਦਾ ਹੈ, ਇਨਫੈਕਸ਼ਨ ਫੇਫੜਿਆਂ ਵਿੱਚ ਕਾਫ਼ੀ ਹੱਦ ਤੱਕ ਫੈਲ ਚੁੱਕੀ ਹੁੰਦੀ ਹੈ। ਇਹ ਸ਼ੁਰੂਆਤੀ ਦੇਰੀ ਹੀ ਤੈਅ ਕਰਦੀ ਹੈ ਕਿ ਮਰੀਜ਼ ਘਰ ਵਿੱਚ ਠੀਕ ਹੋਵੇਗਾ ਜਾਂ ਉਸ ਨੂੰ ਆਕਸੀਜਨ ਸਪੋਰਟ ਦੀ ਲੋੜ ਪਵੇਗੀ।
---
ਕਿਉਂ ਹੈ ਇਹ ਫਲੂ ਆਮ ਵਾਇਰਲ ਨਾਲੋਂ ਵੱਖਰਾ ਤੇ ਖ਼ਤਰਨਾਕ
ਇਕ ਆਮ ਸਿਹਤਮੰਦ ਵਿਅਕਤੀ ਸ਼ਾਇਦ ਇੱਕ ਹਫ਼ਤੇ ਵਿੱਚ ਠੀਕ ਹੋ ਜਾਵੇ, ਪਰ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਵਿੱਚ ਇਹ ਵਾਇਰਲ ਨਿਮੋਨੀਆ ਦਾ ਰੂਪ ਲੈ ਲੈਂਦਾ ਹੈ।
ਗਰਭ ਅਵਸਥਾ ਦੌਰਾਨ ਫੇਫੜਿਆਂ ਦੀ ਸਮਰੱਥਾ ਅਤੇ ਇਮਿਊਨਿਟੀ ਵਿੱਚ ਬਦਲਾਅ ਆਉਂਦੇ ਹਨ, ਜਿਸ ਨਾਲ H1N1 ਬਹੁਤ ਜਲਦੀ ਗੰਭੀਰ ਰੂਪ ਧਾਰਨ ਕਰ ਸਕਦਾ ਹੈ।
ਡਾਇਬਟੀਜ਼, ਅਸਥਮਾ, ਦਿਲ ਜਾਂ ਕਿਡਨੀ ਦੀ ਬਿਮਾਰੀ ਵਾਲੇ ਮਰੀਜ਼ਾਂ ਵਿੱਚ ਇਹ ਇਨਫੈਕਸ਼ਨ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਾ ਦਿੰਦੀ ਹੈ ਅਤੇ ਪੁਰਾਣੇ ਰੋਗਾਂ ਨੂੰ ਭੜਕਾਉਂਦੀ ਹੈ।
ਕਦੋਂ ਤੁਰੰਤ ਐਮਰਜੈਂਸੀ ਮਦਦ ਲਈ ਜਾਵੇ?
ਜੇਕਰ ਫਲੂ ਦੇ ਨਾਲ-ਨਾਲ ਹੇਠ ਲਿਖੇ ਗੰਭੀਰ ਲੱਛਣ ਦਿਖਾਈ ਦੇਣ, ਤਾਂ ਬਿਨਾਂ ਸਮਾਂ ਗੁਆਏ ਡਾਕਟਰ ਕੋਲ ਪਹੁੰਚੋ:
ਸਾਹ ਲੈਣ ਵਿੱਚ ਤਕਲੀਫ਼ ਜਾਂ ਬਹੁਤ ਤੇਜ਼-ਤੇਜ਼ ਸਾਹ ਆਉਣਾ।
ਛਾਤੀ ਵਿੱਚ ਲਗਾਤਾਰ ਦਰਦ ਜਾਂ ਭਾਰੀਪਨ/ਦਬਾਅ ਮਹਿਸੂਸ ਹੋਣਾ।
ਬੁੱਲਾਂ ਜਾਂ ਉਂਗਲਾਂ ਦੇ ਪੋਰਾਂ ਦਾ ਨੀਲਾ ਪੈਣਾ (ਆਕਸੀਜਨ ਦੀ ਕਮੀ ਦਾ ਸੰਕੇਤ)।
ਚੱਕਰ ਆਉਣਾ, ਮਾਨਸਿਕ ਉਲਝਣ ਜਾਂ ਨੀਂਦ ਤੋਂ ਜਾਗਣ ਵਿੱਚ ਅਸਮਰੱਥਾ।
ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਦਾ ਅਚਾਨਕ ਬਹੁਤ ਜ਼ਿਆਦਾ ਵਿਗੜ ਜਾਣਾ।
ਡਾਕਟਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਕਿਸੇ ਵੀ ਤਿਮਾਹੀ ਵਿੱਚ ਹੋ, ਤੁਰੰਤ ਡਾਕਟਰੀ ਨਿਗਰਾਨੀ ਜ਼ਰੂਰੀ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕ ਲਈ ਵੀ ਸਾਵਧਾਨੀ ਜ਼ਰੂਰੀ ਹੈ। ਇਸ ਦੇ ਨਾਲ ਹੀ ਡਾਇਬਟੀਜ਼, ਦਿਲ, ਫੇਫੜਿਆਂ, ਅਸਥਮਾ ਜਾਂ ਕਿਡਨੀ ਦੇ ਮਰੀਜ਼, ਸਟੀਰੌਇਡ ਜਾਂ ਇਮਿਊਨੋਸਪ੍ਰੈਸਿਵ ਦਵਾਈਆਂ ਲੈ ਰਹੇ ਵਿਅਕਤੀ ਵਿਚ ਸਾਵਧਾਨੀ ਵਰਤਣ।
ਐੱਚ1ਐੱਨ1 ਵਾਇਰਸ ਦੀ ਸਭ ਤੋਂ ਵੱਡੀ ਚਾਲ ਇਹ ਹੈ ਕਿ ਇਹ ਸ਼ੁਰੂ ਵਿੱਚ ਬਹੁਤ ਮਾਮੂਲੀ ਲੱਗਦਾ ਹੈ। ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਸਾਲਾਨਾ ਫਲੂ ਸ਼ਾਟ ਸਮੇਂ ਸਿਰ ਲਗਵਾਓ, ਸਫ਼ਾਈ ਦਾ ਧਿਆਨ ਰੱਖੋ ਅਤੇ ਸਾਹ ਲੈਣ ਵਿੱਚ ਥੋੜ੍ਹੀ ਵੀ ਦਿੱਕਤ ਆਉਣ 'ਤੇ ਬਿਨਾਂ ਦੇਰੀ ਡਾਕਟਰ ਨਾਲ ਸੰਪਰਕ ਕਰੋ।