- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
“ਸਤਲੁਜ” ਫ਼ਿਲਮ ਨੂੰ ਤੁਰੰਤ ਮੁੜ ਰਿਲੀਜ਼ ਕੀਤਾ ਜਾਵੇ- ਸਿੱਖ ਕੌਂਸਲ

-ਕਿਹਾ, ਕੇਪੀਐੱਸ ਗਿੱਲ ਨੂੰ ਦਿੱਤੇ ਗਏ ਪਦਮਸ਼੍ਰੀ ਸਨਮਾਨ ਨੂੰ ਵਾਪਸ ਲੈਣ ਲਈ ਰਾਸ਼ਟਰਪਤੀ ਕੋਲ ਕੀਤੀ ਜਾਵੇ ਅਪੀਲ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇੰਟਰਨੈਸ਼ਨਲ ਸਿੱਖ ਕੌਂਸਲ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੇ ਸੰਘਰਸ਼ ਤੋਂ ਪ੍ਰੇਰਿਤ ਫ਼ਿਲਮ “ਸਤਲੁਜ” ਨੂੰ ਭਾਰਤ ਵਿੱਚ ਲਗਾਈ ਪਾਬੰਧੀ ਦੀ ਨਿੰਦਾ ਕਰਦਿਆਂ ਹੋਇਆਂ ਫਿਲਮ ਨੂੰ ਤੁਰੰਤ ਮੁੜ ਰਿਲੀਜ਼ ਕਰਨ ਦੀ ਮੰਗ ਕੀਤੀ ਹੈ। ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਕੌਂਸਲ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਕਥਿਤ ਗੈਰ-ਕਾਨੂੰਨੀ ਸਸਕਾਰਾਂ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾਂ ਨੂੰ ਬੇਨਕਾਬ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਹੱਤਿਆ ਦੇ ਮਾਮਲੇ ਵਿੱਚ ਕਈ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਇਆ ਗਿਆ ਸੀ। ਇਸ ਪਿਛੋਕੜ ਵਿੱਚ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਪੱਛਮੀ ਬੰਗਾਲ ਦੇ ਇੱਕ ਸੰਸਦ ਮੈਂਬਰ ਨੇ ਫ਼ਿਲਮ ਦੇਖਣ ਤੋਂ ਬਾਅਦ ਸਾਬਕਾ ਪੰਜਾਬ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਨੂੰ ਦਿੱਤੇ ਗਏ ਪਦਮ ਸ਼੍ਰੀ ਸਨਮਾਨ ਨੂੰ ਵਾਪਸ ਲੈਣ ਦੀ ਮੰਗ ਕਰਨ ਦੀ ਹਮਾਇਤ ਕੀਤੀ। ਕੌਂਸਲ ਨੇ ਸਵਾਲ ਉਠਾਇਆ ਕਿ ਜਦੋਂ ਹੋਰ ਰਾਜਾਂ ਦੇ ਸੰਸਦ ਮੈਂਬਰ ਇਸ ਮਾਮਲੇ ’ਤੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ ਤਾਂ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਇਸ ਮਸਲੇ ’ਤੇ ਇਕਜੁੱਟ ਹੋ ਕੇ ਆਪਣਾ ਸਟੈਂਡ ਕਿਉਂ ਨਹੀਂ ਲੈ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ “ਸਤਲੁਜ” ਨੂੰ ਤੁਰੰਤ ਮੁੜ ਰਿਲੀਜ਼ ਕੀਤਾ ਜਾਵੇ। ਫ਼ਿਲਮ ਨੂੰ ਹਟਾਉਣ ਦੇ ਕਾਰਨਾਂ ਬਾਰੇ ਕੇਂਦਰ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਜਨਤਕ ਸਪੱਸ਼ਟੀਕਰਨ ਦਿੱਤਾ ਜਾਵੇ। ਪੰਜਾਬ ਦੇ ਸਾਰੇ ਸੰਸਦ ਮੈਂਬਰ ਅਤੇ ਵਿਧਾਇਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮਾਮਲੇ ’ਤੇ ਆਪਣੀ ਸਪੱਸ਼ਟ ਰਾਇ ਦੇਣ। ਉਨ੍ਹਾਂ ਭਾਰਤ ਦੇ ਰਾਸ਼ਟਰਪਤੀ ਕੋਲ ਅਪੀਲ ਕੀਤੀ ਕਿ ਸਾਬਕਾ ਪੰਜਾਬ ਦੇ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਨੂੰ ਦਿੱਤੇ ਗਏ ਪਦਮ ਸ਼੍ਰੀ ਸਨਮਾਨ ਨੂੰ ਵਾਪਸ ਲੈਣ ਲਈ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਮੌਕੇ ਮਨਜੀਤ ਸਿੰਘ ਬਿੱਲਾ, ਮਨਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਰੈਕਸੀ, ਗੁਰਪ੍ਰੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਨਿਹੰਗ, ਸ਼ੇਰ ਸਿੰਘ ਨਿਹੰਗ (ਬੁੱਢਾ ਦਲ), ਗਗਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਾਨ ਅਤੇ ਪਰਮਜੀਤ ਸਿੰਘ ਮਿੱਠੂ ਆਦਿ ਹਾਜ਼ਰ ਸਨ।