- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
450 ਮੀਟਰ ਲੰਮੇ ਬ੍ਰਿਜ

450 ਮੀਟਰ ਲੰਮੇ ਬ੍ਰਿਜ ਨਾਲ 40 ਤੋਂ ਵੱਧ ਕਾਲੋਨੀਆਂ ਦੇ 2 ਲੱਖ ਵਸਨੀਕਾਂ ਨੂੰ ਹੋਵੇਗਾ ਫ਼ਾਇਦਾ, ਲੱਧੇਵਾਲੀ ਤੇ ਹੁਸ਼ਿਆਰਪੁਰ-ਚਿੰਤਪੂਰਨੀ ਜਾਣ ਵਾਲਿਆਂ ਨੂੰ ਵੀ ਮਿਲੇਗਾ ਸਿੱਧਾ ਰਸਤਾ
ਸੁਰਿੰਦਰ ਸਿੰਘ, ਜਾਗਰਣ
ਜਲੰਧਰ : ਸੂਰਿਆ ਐਨਕਲੇਵ ਦੇ ਸਾਹਮਣੇ ਬਣ ਰਿਹਾ ਐਕਸਟੈਂਸ਼ਨ ਬ੍ਰਿਜ ਅਗਲੇ ਦੋ ਮਹੀਨਿਆਂ ’ਚ ਕੋਟ ਰਾਮਦਾਸ ਫਾਟਕ ਵੱਲ ਜਾਂਦੇ ਰਸਤੇ ਨਾਲ ਜੁੜ ਜਾਵੇਗਾ। ਕਰੀਬ 450 ਮੀਟਰ ਲੰਮੇ ਇਸ ਬ੍ਰਿਜ ਦਾ ਨਿਰਮਾਣ ਐਨਐੱਚਏਆਈ ਵੱਲੋਂ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ। ਬ੍ਰਿਜ ਦੇ ਦੋਵੇਂ ਪਾਸਿਆਂ ਦੇ ਰੈਂਪ ਤਿਆਰ ਹੋ ਚੁੱਕੇ ਹਨ। ਹੁਣ ਰੇਲਵੇ ਲਾਈਨ ਉੱਪਰ ਬਣਨ ਵਾਲੇ ਹਿੱਸੇ ਨੂੰ ਜੋੜਨ ਦਾ ਕੰਮ ਬਾਕੀ ਹੈ। ਰੇਲਵੇ ਤੋਂ ਮਨਜ਼ੂਰੀ ਮਿਲਣ ਮਗਰੋਂ ਸਲੈਬਾਂ ਰੱਖਣ ਦਾ ਕੰਮ ਸ਼ੁਰੂ ਹੋਵੇਗਾ। ਪੂਰਾ ਪ੍ਰੋਜੈਕਟ ਅਪ੍ਰੈਲ 2027 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਦੇ ਚਾਲੂ ਹੋਣ ਨਾਲ ਸੂਰਿਆ ਐਨਕਲੇਵ, ਚੁਗਿੱਟੀ ਤੇ ਨੇੜਲੇ ਇਲਾਕਿਆਂ ਵਿਚ ਆਵਾਜਾਈ ਦਾ ਦਬਾਅ ਘਟੇਗਾ ਤੇ ਵਾਹਨ ਚਾਲਕਾਂ ਨੂੰ ਜਾਮ ਤੋਂ ਬਚਣ ਲਈ ਬਦਲਵਾਂ ਰਸਤਾ ਮਿਲੇਗਾ।
ਲਾਰੈਂਸ ਸਕੂਲ ਦੇ ਸਾਹਮਣੇ ਬਣ ਰਿਹਾ ਇਹ ਐਕਸਟੈਂਸ਼ਨ ਬ੍ਰਿਜ ਕੋਟ ਰਾਮਦਾਸ ਫਾਟਕ ਨੇੜੇ ਉਤਰੇਗਾ। ਇਸ ਦਾ ਸਭ ਤੋਂ ਵੱਧ ਲਾਭ ਸੂਰਿਆ ਐਨਕਲੇਵ ਤੇ ਇਸ ਨਾਲ ਜੁੜੀਆਂ 40 ਤੋਂ ਵੱਧ ਕਾਲੋਨੀਆਂ ਨੂੰ ਹੋਵੇਗਾ। ਇਨ੍ਹਾਂ ਇਲਾਕਿਆਂ ਦੇ ਕਰੀਬ 2 ਲੱਖ ਵਸਨੀਕਾਂ ਨੂੰ ਆਉਣ-ਜਾਣ ਲਈ ਬਿਹਤਰ ਸੰਪਰਕ ਸਹੂਲਤ ਮਿਲੇਗੀ। ਇਸ ਤੋਂ ਇਲਾਵਾ, ਹਾਈਵੇ ਤੋਂ ਲੱਧੇਵਾਲੀ, ਹੁਸ਼ਿਆਰਪੁਰ ਅਤੇ ਚਿੰਤਪੂਰਨੀ ਵੱਲ ਜਾਣ ਵਾਲੇ ਕਰੀਬ 3 ਲੱਖ ਲੋਕਾਂ ਦੀ ਆਵਾਜਾਈ ਨੂੰ ਵੀ ਇਸ ਦਾ ਲਾਭ ਮਿਲਣ ਦੀ ਉਮੀਦ ਹੈ।
---
ਲੰਮਾ ਪਿੰਡ ਤੋਂ ਜੰਡੂ ਸਿੰਘਾ ਤੱਕ ਦੀ ਖ਼ਰਾਬ ਸੜਕ ਦਾ ਵੀ ਮਿਲੇਗਾ ਬਦਲ
ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਤੱਕ ਸੜਕ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਲੱਧੇਵਾਲੀ, ਹੁਸ਼ਿਆਰਪੁਰ ਤੇ ਚਿੰਤਪੂਰਨੀ ਵੱਲ ਜਾਣ ਵਾਲਿਆਂ ਲਈ ਇਹ ਰਸਤਾ ਕਈ ਵਾਰ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਐਕਸਟੈਂਸ਼ਨ ਬ੍ਰਿਜ ਚਾਲੂ ਹੋਣ ਮਗਰੋਂ ਵਾਹਨ ਚਾਲਕ ਇਸ ਨੂੰ ਬਦਲਵੇਂ ਰਸਤੇ ਵਜੋਂ ਵਰਤ ਸਕਣਗੇ। ਇਸ ਨਾਲ ਰਾਮਾ ਮੰਡੀ ਵੱਲੋਂ ਹੁਸ਼ਿਆਰਪੁਰ ਜਾਣ ਵਾਲੇ ਰਸਤੇ ’ਤੇ ਵੀ ਵਾਹਨਾਂ ਦਾ ਦਬਾਅ ਘਟਣ ਦੀ ਸੰਭਾਵਨਾ ਹੈ।
---
ਬੀਬੀਐੱਮਬੀ ਸਾਹਮਣੇ ਗ਼ਲਤ ਯੂ-ਟਰਨ ਲੈਣ ਦੀ ਮਜਬੂਰੀ ਹੋਵੇਗੀ ਖ਼ਤਮ
ਫਿਲਹਾਲ ਚੁਗਿੱਟੀ ਫਲਾਈਓਵਰ ਤੋਂ ਉਤਰ ਕੇ ਲੱਧੇਵਾਲੀ ਤੇ ਹੁਸ਼ਿਆਰਪੁਰ ਵੱਲ ਜਾਣ ਵਾਲੇ ਕਈ ਵਾਹਨ ਚਾਲਕਾਂ ਨੂੰ ਬੀਬੀਐੱਮਬੀ ਸਾਹਮਣੇ ਯੂ-ਟਰਨ ਲੈਣਾ ਪੈਂਦਾ ਹੈ। ਇਸ ਕਾਰਨ ਇੱਥੇ ਆਵਾਜਾਈ ਦਾ ਦਬਾਅ ਵਧਦਾ ਹੈ ਤੇ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਨਵਾਂ ਐਕਸਟੈਂਸ਼ਨ ਬ੍ਰਿਜ ਚਾਲੂ ਹੋਣ ਮਗਰੋਂ ਲੰਮਾ ਪਿੰਡ ਵੱਲੋਂ ਆਉਣ ਵਾਲੇ ਵਾਹਨ ਸਿੱਧੇ ਬ੍ਰਿਜ ਤੋਂ ਉਤਰ ਕੇ ਲੱਧੇਵਾਲੀ ਜਾ ਸਕਣਗੇ। ਇਸ ਨਾਲ ਬੀਬੀਐੱਮਬੀ ਸਾਹਮਣੇ ਯੂ-ਟਰਨ ਲੈਣ ਦੀ ਲੋੜ ਨਹੀਂ ਰਹੇਗੀ ਤੇ ਆਵਾਜਾਈ ਵੀ ਸੁਚਾਰੂ ਹੋਵੇਗੀ।
---
ਰੇਲਵੇ ਦੀ ਮਨਜ਼ੂਰੀ ਮਗਰੋਂ ਰੱਖੀਆਂ ਜਾਣਗੀਆਂ ਸਲੈਬਾਂ
ਸਾਈਟ ਇੰਜੀਨੀਅਰ ਗੌਤਮ ਮੁਤਾਬਕ, ਫਲਾਈਓਵਰ ਦਾ ਨਿਰਮਾਣ ਅਪ੍ਰੈਲ 2027 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਰੇਲਵੇ ਲਾਈਨ ਉੱਪਰ ਬਣਨ ਵਾਲੇ ਹਿੱਸੇ ਨੂੰ ਜੋੜਨ ਲਈ ਦੂਜੇ ਪਾਸੇ ਦਾ ਢਾਂਚਾ ਲਗਪਗ ਤਿਆਰ ਹੋ ਚੁੱਕਾ ਹੈ। ਹੁਣ ਰੇਲਵੇ ਤੋਂ ਮਨਜ਼ੂਰੀ ਮਿਲਣ ਮਗਰੋਂ ਸਲੈਬਾਂ ਰੱਖਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕਿਉਂਕਿ ਇਸ ਹਿੱਸੇ ਦਾ ਨਿਰਮਾਣ ਰੇਲਵੇ ਪਟੜੀਆਂ ਉੱਪਰ ਹੋਣਾ ਹੈ, ਇਸ ਲਈ ਕੰਮ ਦੌਰਾਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਰੇਲਵੇ ਦੀ ਮਨਜ਼ੂਰੀ ਲਾਜ਼ਮੀ ਹੈ।
---
ਇਨ੍ਹਾਂ ਕਾਲੋਨੀਆਂ ਦੇ ਵਸਨੀਕਾਂ ਨੂੰ ਹੋਵੇਗਾ ਲਾਭ
ਕੋਟ ਰਾਮ ਦਾਸ ਨਗਰ, ਲੱਧੇਵਾਲੀ, ਲਾਲੇਵਾਲੀ, ਬੇਅੰਤ ਨਗਰ, ਸੁੱਚੀ ਪਿੰਡ, ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਨਕਲੇਵ, ਕਮਲ ਵਿਹਾਰ, ਰੇਲ ਵਿਹਾਰ, ਬਸੰਤ ਹਿਲ ਅਤੇ ਨਾਲ ਲੱਗਦੀਆਂ ਹੋਰ ਕਾਲੋਨੀਆਂ।