ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਪਛਾਣ ਲਈ ਕਾਲੋਨੀਆਂ ’ਚ ਸਰਵੇ ਸ਼ੁਰੂ, 75 ਘਰਾਂ ਨੂੰ ਨੋਟਿਸ
ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਪਛਾਣ ਲਈ ਕਾਲੋਨੀਆਂ ’ਚ ਸਰਵੇ ਸ਼ੁਰੂ, 75 ਘਰਾਂ ਨੂੰ ਨੋਟਿਸ
Publish Date: Mon, 19 Jan 2026 08:44 PM (IST)
Updated Date: Mon, 19 Jan 2026 08:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਡਿਫਾਲਟਰ ਟੈਕਸ ਪੇਅਰਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਨਿਗਮ ਨੇ ਕਮਰਸ਼ੀਅਲ ਪ੍ਰਾਪਰਟੀਆਂ ਦੇ ਨਾਲ-ਨਾਲ ਹੁਣ ਰਿਹਾਇਸ਼ੀ ਕਾਲੋਨੀਆਂ ’ਚ ਵੀ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਰਿਹਾਇਸ਼ੀ ਕਾਲੋਨੀਆਂ ’ਚ ਟੈਕਸ ਡਿਫਾਲਟਰਾਂ ਦੀ ਪਛਾਣ ਲਈ ਬਣਾਈਆਂ ਗਈਆਂ ਪੰਜ ਟੀਮਾਂ ਵੱਲੋਂ ਡੋਰ-ਟੂ-ਡੋਰ ਸਰਵੇ ਸ਼ੁਰੂ ਕੀਤਾ ਗਿਆ ਹੈ। ਪਹਿਲੇ ਪੜਾਅ ’ਚ ਪੰਜ ਪੋਸ਼ ਕਾਲੋਨੀਆਂ ’ਚ ਸਰਵੇ ਕੀਤਾ ਗਿਆ। ਨਿਗਮ ਦੀਆਂ ਟੀਮਾਂ ਨੇ ਮਾਡਲ ਟਾਊਨ, ਨਿਊ ਜਵਾਹਰ ਨਗਰ, ਲਾਜਪਤ ਨਗਰ, ਸੈਂਟ੍ਰਲ ਟਾਊਨ ਤੇ ਆਦਰਸ਼ ਨਗਰ ’ਚ ਟੈਕਸ ਡਿਫਾਲਟਰਾਂ ਦੀ ਪਛਾਣ ਕੀਤੀ। ਇਨ੍ਹਾਂ ਇਲਾਕਿਆਂ ’ਚ ਲਗਪਗ 325 ਘਰਾਂ ਦਾ ਸਰਵੇ ਕੀਤਾ ਗਿਆ, ਜਿਸ ’ਚੋਂ 75 ਘਰਾਂ ਨੂੰ ਟੈਕਸ ਨਾ ਭਰਨ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਨਗਰ ਨਿਗਮ ਪਹਿਲੀ ਵਾਰ ਰਿਹਾਇਸ਼ੀ ਕਾਲੋਨੀਆਂ ’ਚ ਪ੍ਰਾਪਰਟੀ ਟੈਕਸ ਕੁਲੇਕਸ਼ਨ ’ਤੇ ਖਾਸ ਧਿਆਨ ਕੇਂਦਰਿਤ ਕਰ ਰਿਹਾ ਹੈ। ਇਸ ਤਹਿਤ ਘਰ-ਘਰ ਜਾ ਕੇ ਟੈਕਸ ਜਮ੍ਹਾਂ ਕਰਵਾਉਣ ਸਬੰਧੀ ਦਸਤਾਵੇਜ਼ ਮੰਗੇ ਜਾ ਰਹੇ ਹਨ। ਜਿਹੜੇ ਲੋਕ ਟੈਕਸ ਨਹੀਂ ਭਰ ਰਹੇ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ਅਨੁਸਾਰ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਪਿਛਲੇ ਹਫ਼ਤੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰਿਹਾਇਸ਼ੀ ਕਾਲੋਨੀਆਂ ’ਚ ਸਰਵੇ ਦੇ ਹੁਕਮ ਦਿੱਤੇ ਸਨ। ਇਸ ਲਈ ਪੰਜ ਟੀਮਾਂ ਦਾ ਗਠਨ ਕੀਤਾ ਗਿਆ, ਜੋ ਵੱਖ-ਵੱਖ ਇਲਾਕਿਆਂ ’ਚ ਜਾ ਕੇ ਡੋਰ-ਟੂ-ਡੋਰ ਸਰਵੇ ਕਰਕੇ ਟੈਕਸ ਡਿਫਾਲਟਰਾਂ ਦੀ ਪਛਾਣ ਕਰਨਗੀਆਂ। ਇਸ ਪੂਰੀ ਮੁਹਿੰਮ ਦੀ ਮਾਨੀਟਰਿੰਗ ਸੁਪਰਿੰਟੈਂਡੈਂਟ ਮਹਿਮਾ ਸਰਿਨ, ਭੂਪਿੰਦਰ ਸਿੰਘ ਬੜਿੰਗ ਤੇ ਰਾਜੀਵ ਰਿਸ਼ੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 75 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਉਨ੍ਹਾਂ ’ਚੋਂ ਕਰੀਬ 20 ਲੋਕ ਨਗਰ ਨਿਗਮ ਦਫ਼ਤਰ ਆ ਕੇ ਟੈਕਸ ਜਮ੍ਹਾ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪੂਰੇ ਸ਼ਹਿਰ ’ਚ ਚਲਾਈ ਜਾਵੇਗੀ ਤਾਂ ਜੋ ਸਾਰੇ ਟੈਕਸ ਪੇਅਰ ਨਗਰ ਨਿਗਮ ’ਚ ਰਜਿਸਟਰਡ ਹੋ ਜਾਣ ਤੇ ਅਗਲੇ ਸਾਲ ਤੋਂ ਆਪਣੇ ਆਪ ਟੈਕਸ ਜਮ੍ਹਾਂ ਕਰਵਾਉਣ। ਨੋਟਿਸ ਜਾਰੀ ਹੋਣ ਦੇ ਬਾਵਜੂਦ ਜੋ ਲੋਕ ਟੈਕਸ ਨਹੀਂ ਭਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ’ਤੇ ਨਗਰ ਨਿਗਮ ਵੱਲੋਂ ਇਨ੍ਹਾਂ ਦੇ ਪਾਣੀ ਤੇ ਸੀਵਰ ਕਨੈਕਸ਼ਨ ਵੀ ਕੱਟੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਾਪਰਟੀ ਟੈਕਸ ਸ਼ਾਖਾ ’ਤੇ ਟੈਕਸ ਕਲੇਕਸ਼ਨ ਦਾ ਟਾਰਗੇਟ ਪੂਰਾ ਕਰਨ ਦਾ ਦਬਾਅ ਵੀ ਹੈ। ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਕਲੇਕਸ਼ਨ ਟਾਰਗੇਟ 75 ਕਰੋੜ ਰੁਪਏ ਹੈ, ਪਰ ਹੁਣ ਤੱਕ ਨਿਗਮ ਸਿਰਫ਼ 45 ਕਰੋੜ ਰੁਪਏ ਤੱਕ ਹੀ ਪਹੁੰਚ ਸਕਿਆ ਹੈ। ---------------------- ਪ੍ਰਾਪਰਟੀ ਟੈਕਸ ਦੀ ਕ੍ਰਾਸ ਚੈਕਿੰਗ ਹੋਵੇਗੀ, ਸੀਲਿੰਗ ਵੀ ਹੋਵੇਗੀ ਤੇਜ਼ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਜਲਦੀ ਹੀ ਕਮਰਸ਼ੀਅਲ ਪ੍ਰਾਪਰਟੀਆਂ ਦੇ ਟੈਕਸ ਪੇਅਰਾਂ ਦੀ ਕ੍ਰਾਸ ਚੈਕਿੰਗ ਸ਼ੁਰੂ ਕਰੇਗੀ। ਨਿਗਮ ਨੂੰ ਅਕਸਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਲੋਕਾਂ ਵੱਲੋਂ ਆਪਣੀ ਪ੍ਰਾਪਰਟੀ ਦਾ ਪੂਰਾ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ। ਇਸ ਲਈ ਜਾਂ ਤਾਂ ਨਿਰਮਾਣ ਖੇਤਰ ਘੱਟ ਦਿਖਾਇਆ ਗਿਆ ਹੈ ਜਾਂ ਫਿਰ ਕਿਰਾਏ ’ਤੇ ਦਿੱਤੀ ਗਈ ਇਮਾਰਤ ਦੀ ਰੈਂਟ ਡੀਡ ’ਚ ਕਿਰਾਇਆ ਘੱਟ ਦਰਸਾਇਆ ਜਾ ਰਿਹਾ ਹੈ। ਇਸ ਸਬੰਧ ’ਚ ਤੈਅ ਕੀਤਾ ਗਿਆ ਹੈ ਕਿ ਅਧਿਕਾਰੀਆਂ ਦੀ ਟੀਮ ਸ਼ਹਿਰ ਦੇ ਮੁੱਖ ਇਲਾਕਿਆਂ ’ਚ ਵੱਡੀਆਂ ਇਮਾਰਤਾਂ ’ਤੇ ਧਿਆਨ ਕੇਂਦਰਿਤ ਕਰਕੇ ਜਾਂਚ ਸ਼ੁਰੂ ਕਰੇਗੀ। ਜਿਨ੍ਹਾਂ ਇਮਾਰਤਾਂ ਵੱਲੋਂ ਘੱਟ ਟੈਕਸ ਜਮ੍ਹਾਂ ਕਰਵਾਇਆ ਗਿਆ ਹੋਵੇਗਾ, ਉਨ੍ਹਾਂ ਖ਼ਿਲਾਫ਼ ਨਗਰ ਨਿਗਮ ਨਾਲ ਧੋਖਾਧੜੀ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਸੁਪਰਡੈਂਟ ਮਹੀਪ ਸਰਿਨ, ਰਾਜੀਵ ਰਿਸ਼ੀ ਤੇ ਭੂਪਿੰਦਰ ਸਿੰਘ ਬਡਿੰਗ ਨੇ ਦੱਸਿਆ ਕਿ ਅਧਿਕਾਰੀ ਜਲਦੀ ਹੀ ਕ੍ਰਾਸ ਚੈਕਿੰਗ ਸ਼ੁਰੂ ਕਰ ਸਕਦੇ ਹਨ। ਇਸ ਤਰ੍ਹਾਂ ਦਾ ਇਕ ਸਰਵੇ ਕਰੀਬ ਦੋ ਸਾਲ ਪਹਿਲਾਂ ਵੀ ਹੋਇਆ ਸੀ, ਜਦੋਂ ਇਹ ਸਾਹਮਣੇ ਆਇਆ ਸੀ ਕਿ ਨਕੋਦਰ ਰੋਡ ’ਤੇ ਕੁਝ ਇਮਾਰਤਾਂ ਦੇ ਹਜ਼ਾਰਾਂ ਵਰਗ ਫੁੱਟ ਵੱਡੇ ਗੁਦਾਮਾਂ ਦਾ ਸਾਲਾਨਾ ਟੈਕਸ ਸਿਰਫ਼ 5 ਤੋਂ 7 ਹਜ਼ਾਰ ਰੁਪਏ ਹੀ ਆ ਰਿਹਾ ਸੀ ਤੇ ਉਨ੍ਹਾਂ ਦਾ ਕਿਰਾਇਆ ਵੀ ਕਾਫ਼ੀ ਘੱਟ ਦਿਖਾਇਆ ਗਿਆ ਸੀ। ਉਸ ਸਮੇਂ ਦਬਾਅ ਕਾਰਨ ਕਾਰਵਾਈ ਨਹੀਂ ਹੋ ਸਕੀ ਸੀ ਪਰ ਹੁਣ ਕਮਰਸ਼ੀਅਲ ਪ੍ਰਾਪਰਟੀਆਂ ‘ਤੇ ਸਖ਼ਤੀ ਕੀਤੀ ਜਾਵੇਗੀ।