- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕੀਤਾ-ਸੁਖਪਾਲ ਸਿੰਘ ਦੇਵਗੁਣ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਕਰਵਾਏ ਗਏ ਚੌਦਵੇਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲੇ ਵਿਚ ਸ਼ਾਹਕੋਟ ਦੇ ਸੁਰਤਾਲ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਤੇ 51 ਸੌ ਰੁਪਏ ਦਾ ਨਕਦ ਇਨਾਮ ਵੀ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਦੇ ਸੰਚਾਲਕ ਸੁਖਪਾਲ ਸਿੰਘ ਦੇਵਗੁਣ ਤੇ ਸੁਰਿੰਦਰ ਕੌਰ ਦੇਵਗੁਣ ਨੇ ਦੱਸਿਆ ਕਿ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਐਡਵੋਕੇਟ ਡਾ. ਮਲਕੀਤ ਸਿੰਘ ਜੰਡਿਆਲਾ ਤੇ ਸਕੱਤਰ ਜਗਦੀਪ ਸਿੰਘ ਕੈਨੇਡਾ ਦੀ ਦੇਖਰੇਖ ਹੇਠ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਚੰਡੀਗੜ੍ਹ ਵਿਖੇ ਕਰਵਾਏ ਗਏ 'ਸ਼ਬਦ ਗਾਇਨ ਮੁਕਾਬਲੇ' ’ਚ ਵੱਖ-ਵੱਖ ਥਾਵਾਂ ਦੇ ਕਰੀਬ 150 ਬੱਚਿਆਂ ਨੇ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਦੇ ਵਿਦਿਆਰਥੀ ਸ਼ੁਭਕਰਮਨ ਸਿੰਘ ਚੰਦੀ ਨੇ ਸ਼ਬਦ ਗਾਇਨ ਮੁਕਾਬਲੇ ਵਿਚ 'ਰਾਗ ਬਸੰਤ ਹਿੰਡੋਲ' ਵਿਚ ਸ਼ਬਦ ਗਾਇਨ ਕੀਤਾ ਜਿਸ ਵਿਚ ਇਸੇ ਸੰਸਥਾ ਦੇ ਵਿਦਿਆਰਥੀ ਹਰਨੂਰ ਸਿੰਘ ਨੇ ਤਬਲੇ 'ਤੇ ਉਸਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਇਨਾਂ ਵਿਦਿਆਰਥੀਆਂ ਵੱਲੋਂ ਕੀਤੀ ਗਈ ਪੇਸ਼ਕਾਰੀ ਨੂੰ ਪ੍ਰਬੰਧਕਾਂ ਵੱਲੋਂ ਤੀਜੇ ਸਥਾਨ ਲਈ ਚੁਣਿਆ ਗਿਆ ਤੇ ਦੋਹਾਂ ਬੱਚਿਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਪਾਲ ਸਿੰਘ ਦੇਵਗੁਣ ਤੇ ਸੁਰਿੰਦਰ ਕੌਰ ਨੇ ਕਿਹਾ ਕਿ ਸੁਰਤਾਲ ਸੰਗੀਤ ਵਿਦਿਆਲਾ ਸ਼ਾਹਕੋਟ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਸੰਗੀਤ ਦੀ ਸਿਖਲਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਲਾ ਤੋਂ ਸੰਗੀਤ ਦੀ ਸਿੱਖਿਆ ਲੈ ਕੇ ਸੰਸਥਾ ਦੇ ਵਿਦਿਆਰਥੀ ਵੱਖ-ਵੱਖ ਥਾਈਂ ਸੰਗੀਤ ਦੇ ਖੇਤਰ ’ਚ ਬੁਲੰਦੀਆਂ ਹਾਸਲ ਕਰ ਰਹੇ ਹਨ। ਸੰਸਥਾ ਦੇ ਸੰਚਾਲਕਾਂ ਵੱਲੋਂ ਇਸ ਸ਼ਬਦ ਗਾਇਨ ਮੁਕਾਬਲੇ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਸੰਸਥਾ ਦੇ ਨਾਂ ਨੂੰ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।