ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਖਾਲਿਸਥਾਨੀ ਬਣੇ ਗਰੀਬ ਧੀ ਦੇ ਸਹਾਰਾ, ਸੰਗਤ ਦੇ ਸਹਿਯੋਗ ਨਾਲ ਕਰਵਾਇਆ ਵਿਆਹ
ਸੁਰਜੀਤ ਸਿੰਘ ਖਾਲਿਸਥਾਨੀ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਲੜਕੀ ਦੇ ਵਿਆਹ ਦਾ ਪ੍ਰਬੰਧ ਕਰਨਾ ਪਰਿਵਾਰ ਲਈ ਮੁਸ਼ਕਲ ਸੀ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਵੱਲੋਂ ਸੰਗਤਾਂ ਅਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਵਿਆਹ ਦਾ ਸਾਰਾ ਪ੍ਰਬੰਧ ਆਪਣੇ ਜ਼ਿੰਮੇ ਲਿਆ ਗਿਆ।
Publish Date: Thu, 10 Sep 2026 11:14 AM (IST)
Updated Date: Thu, 10 Sep 2026 11:18 AM (IST)
ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ। ਪਿੰਡ ਥਲਾ ਵਿਖੇ ਇੱਕ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਲਈ ਸੁਰਜੀਤ ਸਿੰਘ ਖਾਲਿਸਥਾਨੀ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨੁੱਖਤਾ ਭਰਿਆ ਉਪਰਾਲਾ ਕੀਤਾ ਗਿਆ। ਸੰਗਤਾਂ ਅਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਲੜਕੀ ਦੇ ਵਿਆਹ ਦਾ ਸਾਰਾ ਪ੍ਰਬੰਧ ਕਰਵਾਇਆ ਗਿਆ।
ਇਸ ਉਪਰਾਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਵੱਲੋਂ ਫਿਲੌਰ ਤੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬਲਵੀਰ ਸਿੰਘ, ਪਲਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਜੀਤ ਸਿੰਘ, ਹਰਬੰਸ ਸਿੰਘ, ਸਤਨਾਮ ਸਿੰਘ, ਤਰਲੋਚਨ ਸਿੰਘ, ਜੱਸਾ ਸਿੰਘ, ਸੁਖਜੀਤ ਸਿੰਘ ਅਤੇ ਕਰਤਾਰ ਸਿੰਘ ਵੱਲੋਂ ਵੀ ਸਹਿਯੋਗ ਦਿੱਤਾ ਗਿਆ।
ਗੁਰਦੁਆਰਾ ਬਾਬਾ ਝੰਡਾ ਜੀ, ਪਿੰਡ ਥਲਾ ਵਿਖੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਲੜਕੀ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਬਰਾਤ ਦੇ ਸਵਾਗਤ ਲਈ ਚਾਹ-ਪਾਣੀ ਅਤੇ ਲੰਗਰ ਸਮੇਤ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ।
ਸੁਰਜੀਤ ਸਿੰਘ ਖਾਲਿਸਥਾਨੀ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਲੜਕੀ ਦੇ ਵਿਆਹ ਦਾ ਪ੍ਰਬੰਧ ਕਰਨਾ ਪਰਿਵਾਰ ਲਈ ਮੁਸ਼ਕਲ ਸੀ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਵੱਲੋਂ ਸੰਗਤਾਂ ਅਤੇ ਸਹਿਯੋਗੀਆਂ ਦੇ ਸਹਿਯੋਗ ਨਾਲ ਵਿਆਹ ਦਾ ਸਾਰਾ ਪ੍ਰਬੰਧ ਆਪਣੇ ਜ਼ਿੰਮੇ ਲਿਆ ਗਿਆ।
ਵਿਆਹ ਸਮਾਗਮ ਦੌਰਾਨ ਲੜਕੀ ਦੇ ਨਵੇਂ ਘਰ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਅਲਮਾਰੀ, ਬੈੱਡ, ਫਰਿੱਜ, ਟੀਵੀ, ਵਾਸ਼ਿੰਗ ਮਸ਼ੀਨ, ਕੁਰਸੀਆਂ ਅਤੇ ਹੋਰ ਘਰੇਲੂ ਸਮਾਨ ਵੀ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਸੁਰਜੀਤ ਸਿੰਘ ਖਾਲਿਸਥਾਨੀ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਹਿਯੋਗ ਕਰਨਾ ਸਮਾਜ ਪ੍ਰਤੀ ਜ਼ਿੰਮੇਵਾਰੀ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਵੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਅੱਗੇ ਆ ਕੇ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ’ਚ ਵੀ ਗਰੀਬ, ਤਲਾਕਸ਼ੁਦਾ ਅਤੇ ਲੋੜਵੰਦ ਲੜਕੀਆਂ ਦੀ ਮਦਦ ਲਈ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ। ਜਿਹੜੇ ਪਰਿਵਾਰ ਆਰਥਿਕ ਮਜਬੂਰੀ ਕਾਰਨ ਆਪਣੀਆਂ ਧੀਆਂ ਦੇ ਵਿਆਹ ਕਰਨ ਤੋਂ ਅਸਮਰੱਥ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਜਬੂਰ ਪਰਿਵਾਰ ਜਾਂ ਲੋੜਵੰਦ ਵਿਅਕਤੀ ਦੀ ਕਿਸੇ ਸਰਕਾਰੀ ਦਫ਼ਤਰ ਜਾਂ ਸਰਕਾਰੀ ਦਰਬਾਰ ’ਚ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸੰਭਵ ਸਹਿਯੋਗ ਕਰਨ ਦਾ ਯਤਨ ਕਰਨਗੇ।
ਇਸ ਮੌਕੇ ਪਿੰਡ ਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸੰਗਤਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।