- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਫੇਸ ਵਾਟਰ ਸਿਸਟਮ ਪ੍ਰਾਜੈਕਟ 31 ਦਸੰਬਰ ਤਕ ਪੂਰਾ ਕੀਤਾ ਜਾਏ - ਕਮਿਸ਼ਨਰ

--ਹੁਣ ਤੱਕ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ
--ਸਮਾਰਟ ਸਿਟੀ ਦਾ 800 ਕਰੋੜ ਦਾ ਹੈ ਪ੍ਰਾਜੈਕਟ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਰਫੇਸ ਵਾਟਰ ਪ੍ਰਾਜੈਕਟ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ 31 ਦਸੰਬਰ 2026 ਤੱਕ ਪ੍ਰਾਜੈਕਟ ਪੂਰਾ ਕਰਨ ਦੀ ਹਦਾਇਤ ਕੀਤੀ ਹੈ। ਕਮਿਸ਼ਨਰ ਨੇ ਉਕਤ ਪ੍ਰਾਜੈਕਟ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ’ਚ ਕੰਮ ਕਰ ਰਹੀ ਏਜੰਸੀ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਨੂੰ ਪ੍ਰਾਜੈਕਟ ਦੇ ਚਲ ਰਹੇ ਕੰਮ ਦੌਰਾਨ ਆ ਰਹੀਆਂ ਅੰਦਰੂਨੀ ਮੁਸ਼ਕਲਾਂ ਨੂੰ ਸੰਬਧਤ ਵਿਭਾਗਾਂ ਨਾਲ ਮੀਟਿੰਗਾਂ ਕਰਕੇ ਦੂਰ ਕਰਨ ਦੀ ਹਦਾਇਤ ਕੀਤੀ। ਉਕਤ ਮੀਟਿੰਗ ’ਚ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਪਾਵਰਕਾਮ, ਰੇਲਵੇ ਤੇ ਵਾਟਰ ਰੀਸੋਰਸਿਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਕਮਿਸ਼ਨਰ ਨੇ ਮੀਟਿੰਗ ’ਚ ਆਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਬਨਾਏ ਰੱਖਣ ਤੇ ਪ੍ਰਾਜੈਕਟ ਬਾਰੇ ਦਿੱਤੀ 31 ਦਸੰਬਰ ਦੀ ਡੈੱਡਲਾਇਨ ਤੱਕ ਉਸ ਨੂੰ ਪੂਰਾ ਕੀਤਾ ਜਾਏ। ਕਮਿਸ਼ਨਰ ਨੇ ਕਿਹਾ ਹੈ ਕਿ ਉਕਤ ਪ੍ਰਾਜੈਕਟ ਦਾ ਲਗਪਗ 90 ਫੀਸਦੀ ਕੰਮ ਹੋ ਚੁੱਕਾ ਹੈ ਤੇ ਬਾਕੀ ਰਹਿੰਦਾ ਕੰਮ ਵੀ ਪੂਰਾ ਹੋ ਜਾਏਗਾ।
---------------------------
ਸਮਾਰਟ ਸਿਟੀ ਦਾ 800 ਕਰੋੜ ਦਾ ਪ੍ਰਾਜੈਕਟ
ਸਰਫੇਸ ਵਾਟਰ ਸਿਸਟਮ ਜਿਹੜਾ ਕਿ 2 ਸਾਲ ਪਿੱਛੇ ਪੈ ਚੁੱਕਾ ਹੈ, ਸਮਾਰਟ ਸਿਟੀ ਦਾ 800 ਕਰੋੜ ਦਾ ਪ੍ਰਾਜੈਕਟ ਹੈ ਤੇ ਇਸ ਪ੍ਰਾਜੈਕਟ ਰਾਹੀਂ ਸ਼ਹਿਰੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਮਹੱਈਆ ਕਰਾਈ ਜਾਣੀ ਹੈ। ਉਕਤ ਪ੍ਰਾਜੈਕਟ ਜਿਹੜਾ ਕਿ ਸਾਲ 2024 ’ਚ ਪੂਰਾ ਹੋਣਾ ਸੀ, ਹੁਣ 31 ਦਸੰਬਰ 2026 ਤਕ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਕਤ ਪ੍ਰਾਜੈਕਟ ਰਾਹੀਂ ਲੋਕਾਂ ਨੂੰ ਬਿਸਤ ਦੁਆਬ ਨਹਿਰ ਦਾ ਪਾਣੀ ਲੈ ਕੇ ਉਸ ਨੂੰ ਰਿਫਾਇੰਡ ਕਰਕੇ ਲੋਕਾਂ ਤਕ ਪਹੁੰਚਾਇਆ ਜਾਏਗਾ।
--------------------------
275 ਐੱਮਐੱਲਡੀ ਵਾਟਰ ਟ੍ਰੀਟਮੈਂਟ ਪਲਾਟ ਦਾ ਮੁਆਇਨਾ
ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਆਦਮਪੁਰ ਨੇੜੇ ਜਗਰਾਓ ਪਿੰਡ ਵਿਖੇ ਬਣ ਰਹੇ 275 ਐੱਮਐੱਲਡੀ ਵਾਟਰ ਟ੍ਰੀਟਮੈਂਟ ਦਾ ਵੀ ਮੁਆਇਨਾ ਕੀਤਾ ਤੇ ਪੰਜਾਬ ਸੀਵਰੇਜ ਬੋਰਡ ਨੂੰ ਹਦਾਇਤ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਦਿੱਤੇ ਗਏ ਨਿਰਧਾਰਤ ਸਮੇਂ ’ਤੇ ਪੂਰਾ ਕਰੇ। ਇਸ ਤੋਂ ਇਲਾਵਾ ਜਿਹੜੇ ਪਾਣੀ ਦਾ ਭੰਡਾਰ ਕਰਨ ਲਈ ਜਿਹੜੇ 5 ਅੰਡਰ ਗਰਾਉਂਡ ਵਾਟਰ ਟੈਂਕ ਬਨਾਉਣੇ ਸਨ, ਉਨ੍ਹਾਂ ’ਚੋਂ 4 ਬਣ ਚੁੱਕੇ ਹਨ ਜਦੋਂਕਿ 5ਵਾਂ ਸੂਰਿਯਾ ਇਨਕਲੇਵ ਵਿਖੇ ਅਦਾਲਤ ’ਚ ਕੇਸ ਹੋਣ ਕਾਰਨ ਅਧੂਰਾ ਚਲ ਰਿਹਾ ਹੈ। ਜਦੋਂ ਇਹ ਪ੍ਰਾਜੈਕਟ ਸ਼ੁਰੂ ਹੋਵੇਗਾ ਤਾਂ ਉਸ ਸਮੇਂ ਪਹਿਲੇ ਪੜਾਅ ’ਚ 80 ਫੀਸਦੀ ਪਾਣੀ ਦੀ ਸਪਲਾਈ ਸ਼ਹਿਰੀਆਂ ਨੂੰ ਮਿਲੇਗੀ ਜਦੋਂਕਿ ਬਾਕੀ 20 ਫੀਸਦੀ ਸਾਰਾ ਪ੍ਰਾਜੈਕਟ ਪੂਰਾ ਹੋਣ ਤੇ ਪਾਣੀ ਦੀ ਸਪਲਾਈ ਸ਼ੁਰੂ ਹੋਵੇਗੀ। ਸਰਫੇਸ ਵਾਟਰ ਸਿਸਟਮ ਪ੍ਰਾਜੈਕਟ ਜਦੋਂ ਸ਼ੁਰੂ ਹੁੰਦਾ ਹੈ ਤਾਂ ਉਸ ਸਮੇਂ ਨਗਰ ਨਿਗਮ ਦੇ 80 ਫੀਸਦੀ ਟਿਊਬਵੈਲ ਬੰਦ ਹੋ ਜਾਣਗੇ ਤੇ 20 ਫੀਸਦੀ ਟਿਊਬਵੈਲ ਐਮਰਜੰਸੀ ਪਾਣੀ ਦੀ ਸਪਲਾਈ ਲਈ ਰਾਖਵੇਂ ਰਖੇ ਜਾਣਗੇ।