ਖ਼ੂਨਦਾਨ ਦਾ ਸੈਂਕੜਾ ਪੂਰਾ ਕਰਨ ਵਾਲੇ ਸੁਨੀਲ ਟੰਡਨ ਨੂੰ ਕੀਤਾ ਸਨਮਾਨਿਤ ਖ਼ੂਨਦਾਨ ਦਾ ਸੈਂਕੜਾ ਪੂਰਾ ਕਰਨ ਵਾਲੇ ਸੁਨੀਲ ਟੰਡਨ ਨੂੰ ਆਜ਼ਾਦੀ ਦਿਹਾੜੇ ’ਤੇ ਮਿਲਿਆ ਸਨਮਾਨ
Publish Date: Mon, 17 Aug 2026 07:24 PM (IST)
Updated Date: Mon, 17 Aug 2026 07:27 PM (IST)
-ਸਨਮਾਨ ਲੈਣ ਤੋਂ ਦੋ ਦਿਨ ਪਹਿਲਾਂ ਵੀ 10 ਦਿਨ ਦੇ ਬੱਚੇ ਲਈ ਕੀਤਾ ਖ਼ੂਨਦਾਨ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ 100 ਤੋਂ ਵੱਧ ਲੋਕਾਂ ਨੂੰ ਖ਼ੂਨਦਾਨ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦੇਣ ਵਾਲੇ ਪੀਐੱਸਪੀਸੀਐੱਲ ਦੇ ਬੂਟਾ ਮੰਡੀ ਦਫ਼ਤਰ ’ਚ ਐੱਸਐੱਸਏ ਦੇ ਅਹੁਦੇ ’ਤੇ ਤਾਇਨਾਤ ਸੁਨੀਲ ਟੰਡਨ ਨੂੰ ਵੀ ਖ਼ੂਨਦਾਨ ਮਹਾਂਦਾਨ ਦੀ ਸੇਵਾ ਦਾ ਫਲ ਵੀ ਮਿਲ ਗਿਆ ਹੈ ਤੇ ਆਜ਼ਾਦੀ ਦਿਵਸ ਮਨਾਉਣ ਮੌਕੇ ’ਤੇ ਕੈਬਿਨੇਟ ਮੰਤਰੀ ਮਹਿੰਦਰ ਭਗਤ ਹੱਥੋਂ ਉਨ੍ਹਾਂ ਨੂੰ ਵੀ ਇਸ ਬਿਹਤਰੀਨ ਸਮਾਜ ਸੇਵਾਵਾਂ ਲਈ ਸਨਮਾਨ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸੁਨੀਲ ਟੰਡਨ ਨੇ ਕਿਹਾ ਕਿ 15 ਅਗਸਤ ਦਾ ਦਿਨ ਉਨ੍ਹਾਂ ਲਈ ਸਭ ਤੋਂ ਵੱਡਾ ਦਿਨ ਸੀ, ਕਿਉਂਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਖ਼ੂਨਦਾਨ ਦੇ ਕੀਤੇ ਜਾ ਰਹੇ ਇਸ ਕੰਮ ਦੇ ਬਦਲੇ ਪ੍ਰਸ਼ਾਸਨ ਵੱਲੋਂ ਉਸ ਨੂੰ ਸਨਮਾਨ ਨਾਲ ਨਿਵਾਜਿਆ ਜਾਵੇਗਾ। ਉਹ 18 ਸਾਲ ਦੀ ਉਮਰ ਤੋਂ ਹੀ ਉਹ ਖ਼ੂਨਦਾਨ ਕਰਦੇ ਆ ਰਹੇ ਹਨ ਤੇ ਇਹ ਪ੍ਰਣ ਉਨ੍ਹਾਂ ਨੇ ਉਸ ਵੇਲੇ ਲਿਆ ਸੀ ਜਦੋਂ ਉਹ 17 ਸਾਲ ਦੇ ਸਨ ਤੇ ਉਨ੍ਹਾਂ ਦੇ ਪਿਤਾ ਦੀ ਖੂਨ ਨਾ ਮਿਲਣ ਕਰਕੇ ਮੌਤ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਨੇ ਪ੍ਰਣ ਲਿਆ ਕਿ ਜਿਸ ਕਿਸੇ ਨੂੰ ਵੀ ਖੂਨ ਦੀ ਲੋੜ ਹੋਵੇਗੀ ਉਹ ਪਿੱਛੇ ਨਹੀਂ ਹਟਣਗੇ। ਸਨਮਾਨ ਹਾਸਲ ਕਰਨ ਤੋਂ ਦੋ ਦਿਨ ਪਹਿਲਾਂ ਵੀ ਸਿਰਫ਼ 10 ਦਿਨ ਦੇ ਇਕ ਬੱਚੇ ਨੂੰ ਖੂਨ ਦੇ ਕੇ ਆਏ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਨੀਲ ਟੰਡਨ ਵੱਲੋਂ ਕੀਤੇ ਜਾ ਰਹੇ ਖ਼ੂਨਦਾਨ ਦੇ ਮਹਾਨ ਕੰਮ ਨੂੰ ‘ਪੰਜਾਬੀ ਜਾਗਰਣ’ ਨੇ ਜੁਲਾਈ ਮਹੀਨੇ ’ਚ ਕਾਫੀ ਪ੍ਰਮੁੱਖਤਾ ਨਾਲ ਛਾਪਿਆ ਸੀ ਤੇ ਅੱਜ ਉਸੇ ਖ਼ਬਰ ਦੇ ਅਸਰ ਸਦਕਾ ਸੁਨੀਲ ਟੰਡਨ ਦੇ ਇਸ ਸਮਾਜ ਸੇਵੀ ਕੰਮ ਨੂੰ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ ਹਾਸਲ ਹੋਇਆ ਹੈ। ਸੁਨੀਲ ਟੰਡਨ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ, ਕੈਬਨਿਟ ਮੰਤਰੀ ਮਹਿੰਦਰ ਭਗਤ, ਡੀਸੀ ਵਰਜੀਤ ਵਾਲੀਆ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।