ਲੋਕਾਂ ਦੇ ਘਰਾਂ ’ਚ ਵੜਿਆ ਗੰਦਾ ਪਾਣੀ, ਪ੍ਰਸ਼ਾਸਨਿਕ ਅਣਗਹਿਲੀ ਵਿਰੁੱਧ ਸੰਘਰਸ਼ ਦਾ ਐਲਾਨ
ਨਰਕ ਬਣਿਆ ਪਿੰਡ ਸੁਲਤਾਨਪੁਰ, ਲੋਕਾਂ ਦੇ ਘਰਾਂ ’ਚ ਵੜਿਆ ਗੰਦਾ
Publish Date: Sun, 22 Feb 2026 07:10 PM (IST)
Updated Date: Sun, 22 Feb 2026 07:12 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਫਿਲੌਰ ਦੇ ਪਿੰਡ ਸੁਲਤਾਨਪੁਰ ’ਚ ਨਿਕਾਸੀ ਦੇ ਮਾੜੇ ਪ੍ਰਬੰਧਾਂ ਨੇ ਸਰਕਾਰ ਦੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਫੋਕੀ ਫੂਕ ਕੱਢ ਕੇ ਰੱਖ ਦਿੱਤੀ ਹੈ। ਅੱਜ ਹਾਲਾਤ ਇਹ ਹਨ ਕਿ ਪਿੰਡ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੀਆਂ ਦਹਿਲੀਜ਼ਾਂ ਟੱਪ ਕੇ ਅੰਦਰ ਵੜ ਚੁੱਕਾ ਹੈ, ਜਿਸ ਕਾਰਨ ਪਿੰਡ ਵਾਸੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਗੰਭੀਰ ਤੇ ਤਰਸਯੋਗ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ‘ਲੋਕ ਇਨਸਾਫ ਮੰਚ ਪੰਜਾਬ’ ਦੀ ਟੀਮ ਵੱਲੋਂ ਪਿੰਡ ਦਾ ਤੂਫ਼ਾਨੀ ਦੌਰਾ ਕੀਤਾ ਗਿਆ ਤੇ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਸਕੱਤਰ ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ ਤੇ ਡਾ. ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਮੰਚ ਦੇ ਸਕੱਤਰ ਪਰਸ਼ੋਤਮ ਫਿਲੌਰ ਨੇ ਬਹੁਤ ਹੀ ਭਾਵੁਕ ਤੇ ਗੰਭੀਰ ਲਹਿਜ਼ੇ ’ਚ ਕਿਹਾ ਕਿ ਇਹ ਸਾਡੇ ਸਿਸਟਮ ਲਈ ਬੇਹੱਦ ਸ਼ਰਮਨਾਕ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪਿੰਡਾਂ ਦੇ ਲੋਕ ਗੰਦਗੀ ਤੇ ਬਦਬੂ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਸਾਡੇ ਪੁਰਖਿਆਂ ਨੇ ਅਜਿਹੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਸਨ ਕਿ ਆਉਣ ਵਾਲੀਆਂ ਨਸਲਾਂ ਨੂੰ ਗੰਦੇ ਪਾਣੀ ਦੇ ਛੱਪੜਾਂ ’ਚੋਂ ਲੰਘ ਕੇ ਆਪਣੇ ਘਰਾਂ ਤਕ ਪਹੁੰਚਣਾ ਪਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪਿੰਡ ਦੀ ਸਮੱਸਿਆ ਨਹੀਂ, ਸਗੋਂ ਪ੍ਰਸ਼ਾਸਨਿਕ ਫੇਲ੍ਹ ਹੋਣ ਦਾ ਸਬੂਤ ਹੈ ਤੇ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਇਹ ਚੁੱਪੀ ਵੱਡੇ ਜਨ-ਅੰਦੋਲਨ ਦਾ ਰੂਪ ਧਾਰਨ ਕਰੇਗੀ। ਇਸ ਦੌਰਾਨ ਰਵੀ ਕੁਮਾਰ ਨੌਜਵਾਨ ਆਗੂ ਨੇ ਬੇਹੱਦ ਗੁੱਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸੀਂ ਕੋਈ ਗੁਨਾਹਗਾਰ ਨਹੀਂ ਹਾਂ, ਅਸੀਂ ਵੀ ਇਸ ਦੇਸ਼ ਦੇ ਨਾਗਰਿਕ ਹਾਂ, ਪਰ ਸਾਡੇ ਨਾਲ ਜਾਨਵਰਾਂ ਨਾਲੋਂ ਵੀ ਬਦਤਰ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੀਡੀਪੀਓ ਦਫ਼ਤਰ ਦੇ ਚੱਕਰ ਕੱਟ ਕੇ ਅਸੀਂ ਥੱਕ ਚੁੱਕੇ ਹਾਂ, ਪਰ ਅਫ਼ਸਰਸ਼ਾਹੀ ਦੇ ਕੰਨ ’ਤੇ ਜੂੰ ਤਕ ਨਹੀਂ ਸਰਕੀ। ਰਵੀ ਕੁਮਾਰ ਨੇ ਕਿਹਾ ਕਿ ਹੁਣ ਅਸੀਂ ਸਿਰਫ਼ ਬੇਨਤੀਆਂ ਨਹੀਂ ਕਰਾਂਗੇ, ਸਗੋਂ ਆਪਣਾ ਹੱਕ ਖੋਹ ਕੇ ਲਵਾਂਗੇ। ਜੇਕਰ ਇਕ ਹਫ਼ਤੇ ਦੇ ਅੰਦਰ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਨਾ ਹੋਇਆ ਤਾਂ ਪਿੰਡ ਵਾਸੀਆਂ ਵੱਲੋਂ ਬੀਡੀਪੀਓ ਦਫ਼ਤਰ ਦਾ ਘਿਰਾਓ ਕਰ ਕੇ ਉੱਥੇ ਹੀ ਪੱਕਾ ਮੋਰਚਾ ਲਾਇਆ ਜਾਵੇਗਾ। ਮੰਚ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਵੀ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ‘ਲੋਕ ਇਨਸਾਫ ਮੰਚ’ ਪਿੰਡ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇਸ ਮੌਕੇ ਮਨੀਸ਼ ਕਲੇਰ, ਸੌਰਵ ਕੈਂਥ, ਲਾਡੀ ਕਲੇਰ, ਜਰਨੈਲ ਰਾਮ, ਸੋਮਰਾਜ, ਬਲਦੇਵ ਸਿੰਘ, ਸੰਤੋਖ ਰਾਮ, ਬੂਟਾ ਰਾਮ ਸਮੇਤ ਵੱਡੀ ਗਿਣਤੀ ’ਚ ਮਾਵਾਂ-ਭੈਣਾਂ ਤੇ ਨੌਜਵਾਨ ਹਾਜ਼ਰ ਸਨ, ਜਿਨ੍ਹਾਂ ਨੇ ਸਰਕਾਰ ਤੇ ਸਬੰਧਿਤ ਵਿਭਾਗ ਵਿਰੁੱਧ ਅਸਮਾਨ ਗੂੰਜਵੇਂ ਨਾਅਰੇ ਲਗਾਏ।