ਸੁਖਪਾਲ ਖਹਿਰਾ ਵਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ, ਸਰਕਾਰੀ ਧਨ ਦੀ ਦੁਰਵਰਤੋਂ ਦੇ ਦੋਸ਼ ਲਾ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਵੀ ਘੇਰਿਆ
ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਸਰਕਾਰੀ ਧਨ ਦੀ ਕਥਿਤ ਦੁਰਵਰਤੋਂ ਅਤੇ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਦੇ ਗੰਭੀਰ ਦੋਸ਼ ਲਗਾਉਂਦਿਆਂ ਨੈਤਿਕਤਾ ਦੇ ਆਧਾਰ 'ਤੇ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਫਰੀਦਕੋਟ ਫਾਰਮੇਸੀ ਭਰਤੀ ਨਕਲ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਵੀ ਅਸਤੀਫ਼ਾ ਮੰਗਿਆ।
Publish Date: Sat, 01 Aug 2026 09:19 AM (IST)
Updated Date: Sat, 01 Aug 2026 09:20 AM (IST)
ਦਵਿੰਦਰ ਕੁਮਾਰ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਸਰਕਾਰੀ ਧਨ ਦੀ ਕਥਿਤ ਦੁਰਵਰਤੋਂ ਅਤੇ ਸੰਵਿਧਾਨਕ ਮਰਿਆਦਾ ਦੀ ਉਲੰਘਣਾ ਦੇ ਗੰਭੀਰ ਦੋਸ਼ ਲਗਾਉਂਦਿਆਂ ਨੈਤਿਕਤਾ ਦੇ ਆਧਾਰ 'ਤੇ ਉਨ੍ਹਾਂ ਦੇ ਤੁਰੰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਫਰੀਦਕੋਟ ਫਾਰਮੇਸੀ ਭਰਤੀ ਨਕਲ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਵੀ ਅਸਤੀਫ਼ਾ ਮੰਗਿਆ।
ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਖਹਿਰਾ ਨੇ ਦੋਸ਼ ਲਾਇਆ ਕਿ ਹਰਜੋਤ ਬੈਂਸ 17 ਤੋਂ 20 ਜਨਵਰੀ 2024 ਤੱਕ ਨਿੱਜੀ ਦੌਰੇ 'ਤੇ ਕੈਨੇਡਾ ਗਏ ਸਨ, ਪਰ ਕਥਿਤ ਤੌਰ 'ਤੇ ਇਸ ਯਾਤਰਾ ਦੇ ਕਰੀਬ 4.48 ਲੱਖ ਰੁਪਏ ਦੇ ਖ਼ਰਚ ਦੀ ਸਰਕਾਰੀ ਖ਼ਜ਼ਾਨੇ ਤੋਂ ਰੀਇੰਬਰਸਮੈਂਟ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਨੂੰ ਕਰੀਬ ਤਿੰਨ ਲੱਖ ਰੁਪਏ ਟਰੈਵਲ ਅਲਾਊਂਸ ਵਜੋਂ ਅਦਾ ਕੀਤੇ ਗਏ, ਜਦਕਿ ਇਹ ਦੌਰਾ ਨਿੱਜੀ ਸੀ। ਖਹਿਰਾ ਨੇ ਇਹ ਵੀ ਦਾਅਵਾ ਕੀਤਾ ਕਿ ਮੰਤਰੀ ਦੀ ਗੈਰਹਾਜ਼ਰੀ ਦੌਰਾਨ ਉਨ੍ਹਾਂ ਦੇ ਨਾਮ 'ਤੇ ਸਰਕਾਰੀ ਗੱਡੀਆਂ ਚਲਦੀਆਂ ਰਹੀਆਂ ਅਤੇ ਕਰੀਬ 70 ਹਜ਼ਾਰ ਰੁਪਏ ਦੇ ਕਥਿਤ ਜਾਅਲੀ ਯਾਤਰਾ ਅਤੇ ਵਾਹਨ ਬਿੱਲ ਵੀ ਪਾਸ ਕਰਵਾਏ ਗਏ।
ਸੁਤੰਤਰ ਜਾਂਚ ਅਤੇ ਜਵਾਬਦੇਹੀ ਦੀ ਮੰਗ ਖਹਿਰਾ ਨੇ ਕਿਹਾ ਕਿ ਇਹ ਦੋਸ਼ ਗੰਭੀਰ ਵਿੱਤੀ ਬੇਨਿਯਮੀਆਂ ਵੱਲ ਇਸ਼ਾਰਾ ਕਰਦੇ ਹਨ ਅਤੇ ਇਸ ਦੀ ਸੁਤੰਤਰ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਦੀ ਸਹੁੰ ਚੁੱਕਣ ਵਾਲੇ ਮੰਤਰੀ ਹੀ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਲੋਕਾਂ ਦਾ ਸਰਕਾਰ 'ਤੇ ਭਰੋਸਾ ਕਿਵੇਂ ਬਣੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਪੁੱਛਿਆ ਕਿ ਕਥਿਤ "ਕੱਟੜ ਇਮਾਨਦਾਰੀ" ਦੇ ਦਾਅਵੇ ਦਾ ਕੀ ਬਣਿਆ।
ਖਹਿਰਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇੱਕ ਪਾਸੇ ਵੱਡੇ ਕਰਜ਼ੇ ਹੇਠ ਦਬੀ ਹੋਈ ਹੈ, ਜਦਕਿ ਦੂਜੇ ਪਾਸੇ ਹੋਰ ਸੂਬਿਆਂ ਵਿੱਚ ਸਰਕਾਰੀ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਸਰਕਾਰ ਨੂੰ ਇਨ੍ਹਾਂ ਸਾਰੇ ਖ਼ਰਚਿਆਂ ਦਾ ਆਡਿਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਪੇਪਰ ਲੀਕ, ਕਥਿਤ ਗੈਰਕਾਨੂੰਨੀ ਮਾਈਨਿੰਗ, ਮੁਲਾਜ਼ਮਾਂ ਅਤੇ ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਮੁੱਦੇ ਵੀ ਚੁੱਕੇ ਅਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ "ਪੁਲਿਸ ਸਟੇਟ" ਬਣਾ ਦਿੱਤਾ ਹੈ।