ਸੁਧਾਰ ਕਲੱਬ ਨੇ ਨਕਾਰੇ ਰਾਵਣ ਦਾ ਰੋਲ ਕਰਨ ਵਾਲੇ ਕਲਾਕਾਰ ਦੇ ਦੋਸ਼ ਸੁਧਾਰ ਕਲੱਬ ਨੇ ਨਕਾਰੇ ਰਾਵਣ ਦਾ ਰੋਲ ਕਰਨ ਵਾਲੇ ਕਲਾਕਾਰ ਦੇ ਦੋਸ਼, ਸਫ਼ਲ ਆਯੋਜਨ ਲਈ ਕੀਤਾ ਧੰਨਵਾਦ
Publish Date: Sun, 25 Oct 2026 06:49 PM (IST)
Updated Date: Mon, 26 Oct 2026 04:05 AM (IST)
ਸਫ਼ਲ ਆਯੋਜਨ ਲਈ ਕੀਤਾ ਧੰਨਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ: ਸੁਧਾਰ ਕਲੱਬ ਦੇ ਮੈਂਬਰਾਂ ਨੇ ਹਾਲ ਹੀ ’ਚ ਸੰਪੰਨ ਹੋਈ ਰਾਮਲੀਲਾ ਦੌਰਾਨ ਆਖ਼ਰੀ ਨੌਵੇਂ ਦਿਨ ਰਾਵਣ ਦਾ ਰੋਲ ਕਰਨ ਵਾਲੇ ਕਲਾਕਾਰ ਵੱਲੋਂ ਆਪਣਾ ਰੋਲ ਛੱਡ ਕੇ ਜਾਣ ਤੇ ਪ੍ਰਬੰਧਕਾਂ ’ਤੇ ਸਿਆਸਤ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਇਸ ਦੇ ਨਾਲ ਹੀ ਰਾਮਲੀਲਾ ਨੂੰ ਸਫਲ ਬਣਾਉਣ ’ਚ ਯੋਗਦਾਨ ਪਾਉਣ ਵਾਲੇ ਸਮੂਹ ਕਲਾਕਾਰਾਂ, ਕਲੱਬ ਮੈਂਬਰਾਂ ਤੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਗਿਆ। ਗੱਲਬਾਤ ਕਰਦਿਆਂ ਕਲੱਬ ਦੇ ਪ੍ਰਬੰਧਕ ਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਸਾਬਕਾ ਐੱਮਸੀ ਜਗਦੀਸ਼ ਵਡੈਹਰਾ, ਅਨਿਲ ਗੋਇਲ, ਕਮਲ ਸ਼ਰਮਾ, ਤਰਨਦੀਪ ਸਿੰਘ ਰੂਬੀ, ਸ਼ਿਵ ਮਲਹੋਤਰਾ ਤੇ ਬਬਲੂ ਰਿਹਾਨ ਨੇ ਸਪੱਸ਼ਟ ਕੀਤਾ ਕਿ ਸ਼ਾਹਕੋਟ ’ਚ ਰਾਮਲੀਲਾ ਪਿਛਲੇ 25-30 ਸਾਲਾਂ ਤੋਂ ਨਿਰੰਤਰ ਬਹੁਤ ਸ਼ਰਧਾ, ਪ੍ਰੇਮ ਤੇ ਅਨੁਸ਼ਾਸਨ ਨਾਲ ਚੱਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ 8 ਦਿਨ ਰਾਮਲੀਲਾ ਸਫ਼ਲਤਾਪੂਰਵਕ ਚੱਲਣ ਤੋਂ ਬਾਅਦ ਨੌਵੇਂ ਦਿਨ ਕਿਸੇ ਕਲਾਕਾਰ ਦਾ ਇਸ ਤਰ੍ਹਾਂ ਛੱਡ ਕੇ ਜਾਣਾ ਤੇ ਗ਼ਲਤ ਦੋਸ਼ ਲਾਉਣਾ ਦੁਖਦਾਇਕ ਹੈ। ਪ੍ਰਬੰਧਕਾਂ ਨੇ ਸਾਫ਼ ਕੀਤਾ ਕਿ ਰਾਮਲੀਲਾ ਕਿਸੇ ਇਕ ਪਰਿਵਾਰ ਵੱਲੋਂ ਨਹੀਂ ਸਗੋਂ ਸਮੂਹ ਸ਼ਾਹਕੋਟ ਵਾਸੀਆਂ, ਦਾਨੀ ਸੱਜਣਾਂ ਤੇ ਐੱਨਆਈਆਈ ਪਰਿਵਾਰਾਂ ਵਲੋਂ ਸਾਂਝੇ ਤੌਰ ‘ਤੇ ਕਰਵਾਈ ਜਾਂਦੀ ਹੈ। ਇਸ ਮੌਕੇ ਪ੍ਰਬੰਧਕਾਂ ਨੇ ਬਾਬਾ ਰੂਪ ਲਾਲ ਦੇ ਪਰਿਵਾਰ, ਪੁਰਾਣੇ ਤੇ ਨਵੇਂ ਕਲਾਕਾਰਾਂ ਤੇ ਝੰਡੀ ਦੀ ਰਸਮ ਤੋਂ ਲੈ ਕੇ ਹਵਨ ਤੱਕ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣ ਵਾਲੇ ਮੈਂਬਰਾਂ ਤੇ ਲੋਹੀਆਂ ਖਾਸ ਤੇ ਹੋਰਨਾਂ ਥਾਵਾਂ ਤੋਂ ਆਏ ਕਲਾਕਾਰਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸੁਧਾਰ ਕਲੱਬ ਦੇ ਬਾਨੀ ਮੈਂਬਰਾਂ ਸਵ. ਡਾ. ਸੋਮ ਪ੍ਰਕਾਸ਼, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ ਮਿੱਤਲ ਤੇ ਅਸ਼ਵਨੀ ਢੰਡ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ। ਰਿਹਾਨ ਨੇ ਇਸ ਧਾਰਮਿਕ ਸਮਾਗਮ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਕਰਨ ਤੇ ਸੁਧਾਰ ਕਲੱਬ ਦੀਆਂ ਗਤੀਵਿਧੀਆਂ ਨੂੰ ਦੇਸ਼-ਵਿਦੇਸ਼ ’ਚ ਪਹੁੰਚਾਉਣ ਲਈ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਵੇਰੇ ਰਾਮਲੀਲਾ ਦੀ ਸਮਾਪਤੀ ’ਤੇ ਮਾਤਾ ਰਾਣੀ ਦੀ ਪੂਜਾ ਤੇ ਹਵਨ ਕਰਵਾਇਆ ਗਿਆ, ਜਿਸ ’ਚ ਪੰਡਿਤ ਓਮ ਪ੍ਰਕਾਸ਼ ਨੇ ਪੂਰਨ ਆਹੂਤੀਆਂ ਪਵਾ ਕੇ ਸਮੂਹ ਕਲੱਬ ਮੈਂਬਰਾਂ ਤੇ ਦਾਨੀ ਸੱਜਣਾਂ ਨੂੰ ਆਸ਼ੀਰਵਾਦ ਦਿੱਤਾ। ਪ੍ਰਬੰਧਕਾਂ ਨੇ ਭਵਿੱਖ ’ਚ ਵੀ ਸ਼੍ਰੀ ਰਾਮ ਚਰਿੱਤਰ ਮਾਨਸ ਤੇ ਧਾਰਮਿਕ ਮਰਿਆਦਾਵਾਂ ਨੂੰ ਮੁੱਖ ਰੱਖਦਿਆਂ ਰਾਮਲੀਲਾ ਦੇ ਆਯੋਜਨ ਨੂੰ ਹੋਰ ਵਧੀਆ ਢੰਗ ਨਾਲ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਵੱਡੀ ਗਿਣਤੀ ’ਚ ਕਲਾਕਾਰ, ਕਲੱਬ ਮੈਂਬਰ ਤੇ ਦਾਨੀ ਸੱਜਣ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।