ਸਾਹਿਤ ਨੂੰ ਜਿਉਂਦਾ ਰੱਖਣ ’ਚ ਅਜਿਹੇ ਮੇਲੇ ਨਿਭਾਉਂਦੇ ਨੇ ਅਹਿਮ ਭੂਮਿਕਾ: ਪਰਗਟ ਸਿੰਘ ਸਾਹਿਤ ਨੂੰ ਜਿਉਂਦਾ ਰੱਖਣ ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ’ਚ ਅਜਿਹੇ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ : ਪਰਗਟ ਸਿੰਘ
Publish Date: Sun, 01 Nov 2026 09:53 PM (IST)
Updated Date: Sun, 01 Nov 2026 09:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਪਰਗਟ ਸਿੰਘ ਨੇ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਜਾ ਰਹੇ ‘ਮੇਲਾ ਗ਼ਦਰੀ ਬਾਬਿਆਂ ਦਾ’ ’ਚ ਸ਼ਿਰਕਤ ਕੀਤੀ ਤੇ ਗ਼ਦਰੀ ਬਾਬਿਆਂ ਸਮੇਤ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪਰਗਟ ਸਿੰਘ ਨੇ ਮੇਲੇ ’ਚ ਲੱਗੇ ਵੱਖ-ਵੱਖ ਪੁਸਤਕ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਦੇਖੀਆਂ ਤੇ ਕੁਝ ਪੁਸਤਕਾਂ ਖਰੀਦ ਕੇ ਸਾਹਿਤ ਪ੍ਰਤੀ ਆਪਣੀ ਰੁਚੀ ਵੀ ਪ੍ਰਗਟਾਈ। ਪੁਸਤਕ ਸਟਾਲਾਂ ’ਤੇ ਖ਼ਾਸ ਕਰਕੇ ਨੌਜਵਾਨਾਂ ਤੇ ਬੱਚਿਆਂ ਦੀ ਵੱਡੀ ਗਿਣਤੀ ਦੇਖ ਕੇ ਉਨ੍ਹਾਂ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਸਾਹਿਤ ਤੇ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਬੇਹੱਦ ਜ਼ਰੂਰੀ ਹਨ। ਪੁਸਤਕ ਸਟਾਲਾਂ ’ਤੇ ਲੋਕਾਂ ਦੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਲੋਕ ਚੰਗਾ ਸਾਹਿਤ ਪੜ੍ਹਨ, ਕਿਤਾਬਾਂ ਖਰੀਦਣ ਤੇ ਆਪਣੇ ਗਿਆਨ ’ਚ ਵਾਧਾ ਕਰਨ ਲਈ ਅਜਿਹੇ ਸਮਾਗਮਾਂ ’ਚ ਪਹੁੰਚਦੇ ਹਨ। ਨਵੀਂ ਪੀੜ੍ਹੀ ਦੇ ਬੱਚਿਆਂ ਤੇ ਨੌਜਵਾਨਾਂ ਦਾ ਕਿਤਾਬਾਂ ਪ੍ਰਤੀ ਵਧਦਾ ਰੁਝਾਨ ਵਿਸ਼ੇਸ਼ ਤੌਰ ’ਤੇ ਉਤਸ਼ਾਹਜਨਕ ਹੈ। ਪਰਗਟ ਸਿੰਘ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਮੇਲੇ ਦੇ ਆਯੋਜਨ, ਗਤੀਵਿਧੀਆਂ ਤੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮੇਲੇ ’ਚ ਆਏ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਮੇਲੇ ’ਚ ਆਉਂਦੇ ਰਹੇ ਹਨ ਤੇ ਇੱਥੇ ਪਹੁੰਚ ਕੇ ਉਨ੍ਹਾਂ ਨੂੰ ਹਮੇਸ਼ਾ ਖੁਸ਼ੀ ਤੇ ਇਕ ਵਿਸ਼ੇਸ਼ ਅਹਿਸਾਸ ਹੁੰਦਾ ਹੈ। ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ, ਵਿਚਾਰਾਂ ਤੇ ਦੇਸ਼ ਭਗਤੀ ਦੀ ਵਿਰਾਸਤ ਨਾਲ ਜੁੜਨਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਭਵਿੱਖ ’ਚ ਵੀ ਇਸ ਮੇਲੇ ਦਾ ਹਿੱਸਾ ਬਣੇ ਰਹਿਣ ਦੀ ਇੱਛਾ ਪ੍ਰਗਟਾਈ। ਇਸ ਦੌਰਾਨ ਮੇਲੇ ’ਚ ਪਹੁੰਚੇ ਲੋਕਾਂ ਨੇ ਪਰਗਟ ਸਿੰਘ ਨਾਲ ਤਸਵੀਰਾਂ ਤੇ ਸੈਲਫੀਆਂ ਵੀ ਖਿਚਵਾਈਆਂ। ਉਨ੍ਹਾਂ ਕਿਹਾ ਕਿ ਬੱਬਰ ਅਕਾਲੀ ਲਹਿਰ ਨੂੰ ਸਮਰਪਿਤ ਇਹ ਮੇਲਾ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੇ ਲੋਕਾਂ ਨੂੰ ਗ਼ਦਰੀ ਬਾਬਿਆਂ ਦੇ ਸੰਘਰਸ਼ ਤੇ ਕੁਰਬਾਨੀਆਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਅਜਿਹੇ ਆਯੋਜਨ ਸਾਡੀ ਇਤਿਹਾਸਕ ਵਿਰਾਸਤ, ਦੇਸ਼ ਭਗਤੀ ਤੇ ਸਮਾਜਿਕ ਚੇਤਨਾ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।