- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ’ਚ ‘ਮਿਸ਼ਨ ਰਫ਼ਤਾਰ’ ਤਹਿਤ ਡਿਜੀਟਲ ਇਨੋਵੇਸ਼ਨ ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਮੱਸਿਆਵਾਂ ਦੇ ਨਿਪਟਾਰੇ ਲਈ ਸ਼ਾਨਦਾਰ ਪ੍ਰਦਰਸ਼ਨ

ਕੈਬਨਿਟ ਮੰਤਰੀ ਨੇ ਸਿੱਖਿਆ ਦੇ ਖੇਤਰ ’ਚ ਪੰਜਾਬ ਸਰਕਾਰ ਦੀ ਕ੍ਰਾਂਤੀਕਾਰੀ ਤਬਦੀਲੀ ਦੀ ਕੀਤੀ ਸ਼ਲਾਘਾ
ਨੌਜਵਾਨਾਂ ਨੂੰ ਸਟਾਰਟਅਪ ਰਾਹੀਂ ਰੋਜ਼ਗਾਰ ਪੈਦਾ ਕਰਨ ਵਾਲੇ ਬਣਨ ਦਾ ਦਿੱਤਾ ਸੱਦਾ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ‘ਮਿਸ਼ਨ ਰਫ਼ਤਾਰ’ ਤਹਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ ਵਿਖੇ ਜ਼ਿਲ੍ਹਾ ਪੱਧਰੀ ਡਿਜੀਟਲ ਇਨੋਵੇਸ਼ਨ ਮੇਲਾ (ਜਲੰਧਰ ਟੈਕ ਫੇਅਰ 2026-27) ਕਰਵਾਇਆ ਗਿਆ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਰੋਜ਼ਾਨਾ ਦੀਆਂ ਨਾਗਰਿਕ ਤੇ ਘਰੇਲੂ ਸਮੱਸਿਆਵਾਂ ਦੇ ਹੱਲ ਲਈ ਅਤਿ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ(ਏ.ਆਈ) ਮਾਡਲ ਪ੍ਰਦਰਸ਼ਿਤ ਕੀਤੇ ਗਏ, ਜਿਸ ’ਚ ਸਮਾਰਟ ਸੁਰੱਖਿਆ ਵਿਵਸਥਾਵਾਂ, ਆਟੋਮੇਟਿਡ ਪਾਰਕਿੰਗ ਹੱਲ ਅਤੇ ਨਗਰ ਨਿਗਮਾਂ ਵਿਚ ਦੂਸ਼ਿਤ ਪਾਣੀ ਦਾ ਪਤਾ ਲਗਾਉਣ ਤੇ ਇਸ ਨੂੰ ਰੋਕਣਾ ਆਦਿ ਸ਼ਾਮਲ ਹੈ। ਵਿਦਿਆਰਥੀਆਂ ਦੀ ਸਿਆਣਪ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਪੱਧਰ ’ਤੇ ਅਜਿਹਾ ਵਿਗਿਆਨਿਕ ਮਾਹੌਲ ਪੈਦਾ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ’ਚ ਨਵੀਨਤਮ ਹੁਨਰਾਂ ਨਾਲ ਲੈਸ ਕਰੇਗਾ। ਉਨ੍ਹਾਂ ਕਿਹਾ ਕਿ ਏ.ਆਈ.ਨੂੰ ਸਿੱਖਣ ਵੱਲ ਧਿਆਨ ਕੇਂਦਰਿਤ ਕਰਨ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੀ ਤਲਾਸ਼ ਕਰਨ ਦੀ ਬਜਾਏ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਇਕ ਪ੍ਰਭਾਵੀ ਬਦਲ ਮੁਹੱਈਆ ਕਰਵਾਏਗਾ।
ਆਰਟੀਫੀਸ਼ੀਅਲ ਤਕਨਾਲੌਜੀ ਦੀ ਸੰਭਾਵੀ ਦੁਰਵਰਤੋਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਤਕਨਾਲੋਜੀ ਦੇ ਸਕਰਾਤਮਕ ਅਤੇ ਨਕਰਾਤਮਕ ਪੱਖ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਉਸਾਰੂ ਤੇ ਰਚਨਾਤਮਕ ਸੋਚ ਅਪਣਾਉਣ ਦਾ ਸੱਦਾ ਦਿੰਦਿਆਂ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਸਰਕਾਰ ਦੇ ਵਿੱਦਿਅਕ ਉਪਰਾਲਿਆਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਭਰਪੂਰ ਸ਼ਲਾਘਾ ਕੀਤੀ।