- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਲਿਆ ‘ਸਵੱਛਤਾ ਰਾਜਦੂਤ’ ਬਣਨ ਦਾ ਸੰਕਲਪ

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਨੌਜਵਾਨਾਂ ’ਚ ਸਫ਼ਾਈ ਤੇ ਸਾਫ਼-ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ‘ਸਵੱਛਤਾ ਗਿਆਨ ਯਾਤਰਾ’ ਕਰਵਾਈ ਗਈ। ਯੂਥ ਫੁੱਟਬਾਲ ਕਲੱਬ ਦੇ ਸਹਿਯੋਗ ਨਾਲ ਕਰਵਾਈ ਇਸ ਯਾਤਰਾ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਸਹਿ-ਸਿੱਖਿਆ ਸਕੂਲ ਰੁੜਕਾ ਕਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਕੂੜੇ ਨੂੰ ਸਰੋਤ ਪੱਧਰ ’ਤੇ ਵੱਖਰਾ ਕਰਨ, ਗਿੱਲੇ ਤੇ ਸੁੱਕੇ ਕੂੜੇ ਤੋਂ ਖਾਦ ਤਿਆਰ ਕਰਨ, ਰੀਸਾਈਕਲਿੰਗ ਤੇ ਕੂੜੇ ਦੇ ਸੁਰੱਖਿਅਤ ਨਿਬੇੜੇ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ‘ਸਵੱਛਤਾ ਰਾਜਦੂਤ’ ਬਣਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਘਰਾਂ ’ਚ ਹੀ ਕੂੜੇ ਨੂੰ ਵੱਖਰਾ ਕਰਨ ਦੀ ਆਦਤ ਪਾਉਣ ਤੇ ਪਰਿਵਾਰਕ ਮੈਂਬਰਾਂ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਨ। ਇਸ ਮੌਕੇ ਸੇਵਿਆ ਸ਼ਰਮਾ, ਸੀਡੀਐੱਸ (ਸੈਨੀਟੇਸ਼ਨ), ਗਗਨਦੀਪ ਸਿੰਘ ਵਾਲੀਆ, ਏਐੱਸਡੀਓ, ਡੀਡਬਲਿਊਐੱਸਐੱਸ, ਫਿਲੌਰ, ਯੂਥ ਫੁੱਟਬਾਲ ਕਲੱਬ ਤੋਂ ਜਸਪ੍ਰੀਤ ਕੌਰ, ਦੋਵਾਂ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਹਾਜ਼ਰ ਸਨ। ਅੰਤ ’ਚ ਵਿਦਿਆਰਥੀਆਂ ਨੇ ਸਫ਼ਾਈ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ, ਕੂੜੇ ਦਾ ਸੁਚੱਜਾ ਪ੍ਰਬੰਧਨ ਕਰਨ ਤੇ ਹੋਰਨਾਂ ਨੂੰ ਵੀ ਸਫ਼ਾਈ ਲਈ ਪ੍ਰੇਰਿਤ ਕਰਨ ਦਾ ਸੰਕਲਪ ਲਿਆ।