ਪੁਲਿਸ ਨੇ ਸੁਰੱਖਿਆ ਦੇ ਪ੍ਰਬੰਧ ਕੀਤੇ ਸਖ਼ਤ
ਐੱਲਪੀਯੂ ਦੇ ਲਾਅ ਗੇਟ 'ਤੇ ਸਖ਼ਤ ਪੁਲਿਸ ਕਾਰਵਾਈ, ਚੰਡੀਗੜ੍ਹ ਹਮਲੇ ਤੋਂ ਬਾਅਦ ਵਿਸ਼ੇਸ਼ ਤਸਦੀਕ ਮੁਹਿੰਮ ਸ਼ੁਰੂ
Publish Date: Thu, 02 Apr 2026 10:22 PM (IST)
Updated Date: Thu, 02 Apr 2026 10:25 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਐੱਲਪੀਯੂ ਦੇ ਲਾਅ ਗੇਟ ਖੇਤਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਪੁਲਿਸ ਨੇ ਇਕ ਵਿਸ਼ੇਸ਼ ਤਸਦੀਕ ਮੁਹਿੰਮ ਚਲਾਈ। ਇਸ ਦੌਰਾਨ ਐੱਸਪੀ ਮਾਧਵੀ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਚੰਡੀਗੜ੍ਹ ’ਚ ਹਾਲ ਹੀ ’ਚ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਸਾਵਧਾਨੀ ਵਜੋਂ ਕੀਤੀ ਗਈ ਸੀ। ਇਹ ਮੁਹਿੰਮ ਐੱਸਪੀ ਗੌਰਵ ਤੂਰਾ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਸੀ, ਜਿਸਦਾ ਉਦੇਸ਼ ਸ਼ੱਕੀ ਗਤੀਵਿਧੀਆਂ ਤੇ ਨਜ਼ਰ ਰੱਖਣਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਲਗਭਗ 50 ਪੁਲਿਸ ਕਰਮਚਾਰੀਆਂ ਦੀ ਮੌਜੂਦਗੀ ’ਚ ਹੋਟਲਾਂ, ਪੀਜੀ ਤੇ ਕਿਰਾਏ ਦੇ ਘਰਾਂ ’ਚ ਰਹਿਣ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਗਈ। ਕਿਰਾਏਦਾਰਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕਰਦਿਆਂ ਪਛਾਣ ਵੇਰਵੇ ਸਥਾਨਕ ਪੁਲਿਸ ਸਟੇਸ਼ਨ ’ਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਵਿਦੇਸ਼ੀ ਵਿਦਿਆਰਥੀਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਇਲਾਕੇ ਸਬੰਧੀ ਪ੍ਰਾਪਤ ਹੋਈਆਂ ਕਈ ਸ਼ਿਕਾਇਤਾਂ ਦੇ ਜਵਾਬ ’ਚ ਕੀਤੀ ਜਾ ਰਹੀ ਹੈ। ਐੱਸਪੀ ਮਾਧਵੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਲਾਕੇ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੇ ਦਿਨਾਂ ’ਚ ਅਜਿਹੀਆਂ ਤਸਦੀਕ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।