- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾਦ ਨਾਲ ਵਾਧੂ ਸਮਾਨ ਥੋਪਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਅਲੀਵਾਲ

--ਖੇਤੀਬਾੜੀ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਿਸਾਨਾਂ ਨੂੰ ਖਾਦ ਦੇ ਨਾਲ ਧੱਕੇ ਨਾਲ ਨਕਲੀ ਦਵਾਈਆਂ, ਪਾਊਡਰ ਤੇ ਹੋਰ ਵਾਧੂ ਸਾਮਾਨ ਦੇਣ ਦੇ ਵਿਰੋਧ ’ਚ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗਰੁੱਪ ਵੱਲੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਦੀ ਅਗਵਾਈ ਹੇਠ ਖੇਤੀਬਾੜੀ ਅਫ਼ਸਰ ਜਸਵੀਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।
ਪ੍ਰਧਾਨ ਰਣਜੀਤ ਸਿੰਘ ਅਲੀਵਾਲ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਅੰਦਰ ਖਾਦ ਵਿਕਰੇਤਾ ਤੇ ਸੁਸਾਇਟੀਆਂ ਕਿਸਾਨਾਂ ਨੂੰ ਖਾਦ ਦੇ ਨਾਲ ਬੇਲੋੜੀਆਂ ਦਵਾਈਆਂ ਜ਼ਬਰਦਸਤੀ ਵੇਚ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਅਨਸਰਾਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਅਲੀਵਾਲ ਨੇ ਖ਼ੁਲਾਸਾ ਕੀਤਾ ਕਿ ਜਲੰਧਰ ਸ਼ਹਿਰ ਸਥਿਤ ਨਿਊ ਆਰਵੀ ਤੇ ਪੰਜਾਬ ਖਾਦ ਸਟੋਰ ਤੇ ਨਕੋਦਰ ਦਾ ਮਾਲਵਾ ਖਾਦ ਸਟੋਰ, ਜੋ ਕਿ ਜ਼ਿਲ੍ਹੇ ਭਰ ਦੀਆਂ ਦੁਕਾਨਾਂ ਨੂੰ ਖਾਦ ਤੇ ਦਵਾਈਆਂ ਸਪਲਾਈ ਕਰਦੇ ਹਨ, ਉਹ ਛੋਟੇ ਦੁਕਾਨਦਾਰਾਂ ਨੂੰ ਖਾਦ ਦੇਣ ਬਦਲੇ ਨਾਲ ਦਵਾਈਆਂ ਲੈਣ ਲਈ ਮਜਬੂਰ ਕਰਦੇ ਹਨ। ਅੱਗੋਂ ਮਜਬੂਰ ਹੋ ਕੇ ਛੋਟੇ ਦੁਕਾਨਦਾਰ ਕਿਸਾਨਾਂ ਸਿਰ ਇਹ ਦਵਾਈਆਂ ਮੜ੍ਹਦੇ ਹਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਤੇ ਪਾਊਡਰ ਨਕਲੀ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਇਹ ਧੱਕੇਸ਼ਾਹੀ ਸਿਰਫ਼ ਪ੍ਰਾਈਵੇਟ ਦੁਕਾਨਦਾਰਾਂ ਤੱਕ ਸੀ ਪਰ ਹੁਣ ਇਹ ਸਿਲਸਿਲਾ ਸਹਿਕਾਰੀ ਸੁਸਾਇਟੀਆਂ ਵਿੱਚ ਵੀ ਧੜੱਲੇ ਨਾਲ ਚੱਲ ਰਿਹਾ ਹੈ। ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਜੇ ਇਸ ਮੰਗ ਪੱਤਰ 'ਤੇ ਤੁਰੰਤ ਠੋਸ ਕਾਰਵਾਈ ਨਾ ਹੋਈ ਤਾਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਸਬੰਧੀ ਖੇਤੀਬਾੜੀ ਅਫ਼ਸਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਫ਼ਦ ਨੂੰ ਭਰੋਸਾ ਦਿੱਤਾ ਹੈ। ਇਸ ਮਾਮਲੇ ਸਬੰਧੀ ਮੁੱਖ ਦਫ਼ਤਰ ਜਲੰਧਰ ਨੂੰ ਕਿਸਾਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਭੇਜਣ ਉਪਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਲਈ ਲਿਖਿਆ ਗਿਆ ਹੈ। ਇਸ ਮੌਕੇ ਵਫ਼ਦ ’ਚ ਬਲਜੀਤ ਸਿੰਘ, ਰਣਚੇਤ ਸਿੰਘ ਕੋਟਲੀ, ਬਲਦੇਵ ਸਿੰਘ, ਸੁਖਵੰਤ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ, ਨਿਰਵੈਰ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਅਤੇ ਚਰਨ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।