ਗੁਰਾਇਆ ਨਗਰ ਕੌਂਸਲ ਦੀ ਲਾਪਰਵਾਹੀ ਖ਼ਿਲਾਫ਼ ਫੁੱਟਿਆ ਗੁੱਸਾ
ਗੋਰਾਇਆ ’ਚ ਆਵਾਰਾ ਕੁੱਤਿਆਂ ਤੇ ਪਸ਼ੂਆਂ ਦਾ ਦਹਿਸ਼ਤ, ਨਗਰ ਕੌਂਸਲ ਦੀ ਲਾਪਰਵਾਹੀ ’ਤੇ ਲੋਕਾਂ ਦਾ ਜਾਗਿਆ ਗੁੱਸਾ
Publish Date: Thu, 02 Apr 2026 11:24 PM (IST)
Updated Date: Thu, 02 Apr 2026 11:28 PM (IST)

--ਕੁੱਤਿਆਂ ਦੇ ਝੁੰਡ ਬੱਚਿਆਂ ਤੇ ਬਜ਼ੁਰਗਾਂ ਲਈ ਬਣੇ ਦਹਿਸ਼ਤ ਦਾ ਕਾਰਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਾਇਆ ’ਚ ਇਨ੍ਹਾਂ ਦਿਨਾਂ ਆਵਾਰਾ ਕੁੱਤਿਆਂ ਤੇ ਪਸ਼ੂਆਂ ਦਾ ਦਹਿਸ਼ਤ ਇਸ ਕਦਰ ਵੱਧ ਗਿਆ ਹੈ ਕਿ ਲੋਕ ਡਰ ਤੇ ਅਸੁਰੱਖਿਆ ਦੇ ਮਾਹੌਲ ’ਚ ਜਿਊਣ ਲਈ ਮਜਬੂਰ ਹੋ ਗਏ ਹਨ। ਸੜਕਾਂ, ਬਾਜ਼ਾਰਾਂ ਤੇ ਗਲੀਆਂ ’ਚ ਖੁੱਲ੍ਹੇਆਮ ਘੁੰਮ ਰਹੇ ਆਵਾਰਾ ਸਾਂਡ ਤੇ ਕੁੱਤੇ ਹਰ ਵੇਲੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ, ਪਰ ਨਗਰ ਕੌਂਸਲ ਡੂੰਘੀ ਨੀਂਦ ’ਚ ਸੁੱਤੀ ਨਜ਼ਰ ਆ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਵਿਅਸਤ ਸੜਕਾਂ ’ਤੇ ਆਵਾਰਾ ਪਸ਼ੂਆਂ ਦੇ ਝੁੰਡ ਆਮ ਦ੍ਰਿਸ਼ ਬਣ ਚੁੱਕੇ ਹਨ। ਆਏ ਦਿਨ ਪਸ਼ੂ ਆਪਸ ’ਚ ਲੜਦੇ ਵੇਖੇ ਜਾਂਦੇ ਹਨ, ਜਿਸ ਨਾਲ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਆਪਣੀ ਜਾਨ ਖਤਰੇ ’ਚ ਪਾ ਕੇ ਲੰਘਣਾ ਪੈਂਦਾ ਹੈ। ਕਈ ਵਾਰ ਇਹ ਪਸ਼ੂ ਅਚਾਨਕ ਸੜਕ ਦੇ ਵਿਚਕਾਰ ਆ ਜਾਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਸਥਿਤੀ ਇਤਨੀ ਭਿਆਨਕ ਹੋ ਚੁੱਕੀ ਹੈ ਕਿ ਮੁਹੱਲਿਆਂ ’ਚ ਘੁੰਮ ਰਹੇ ਦੱਸ-ਦੱਸ ਆਵਾਰਾ ਕੁੱਤਿਆਂ ਦੇ ਝੁੰਡ ਬੱਚਿਆਂ ਤੇ ਬਜ਼ੁਰਗਾਂ ਲਈ ਦਹਿਸ਼ਤ ਦਾ ਕਾਰਨ ਬਣ ਗਏ ਹਨ। ਮਾਪੇ ਆਪਣੇ ਬੱਚਿਆਂ ਨੂੰ ਅਕੇਲੇ ਬਾਹਰ ਭੇਜਣ ਤੋਂ ਡਰ ਰਹੇ ਹਨ ਤੇ ਬਜ਼ੁਰਗਾਂ ਲਈ ਸਵੇਰੇ-ਸ਼ਾਮ ਟਹਿਲਣਾ ਵੀ ਮੁਸ਼ਕਲ ਹੋ ਗਿਆ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਮੱਸਿਆ ਨੂੰ ਲੈ ਕੇ ਕਈ ਵਾਰ ਨਗਰ ਕੌਂਸਲ ਤੇ ਸਬੰਧਤ ਵਿਭਾਗਾਂ ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਹਰ ਵਾਰ ਸਿਰਫ਼ ਭਰੋਸਾ ਹੀ ਮਿਲਿਆ ਹੈ, ਕਾਰਵਾਈ ਅੱਜ ਤੱਕ ਨਹੀਂ ਹੋਈ। ਲੋਕਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਪੂਰੀ ਤਰ੍ਹਾਂ ਲਾਪਰਵਾਹੀ ਕਰ ਰਹੀ ਹੈ ਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਮੰਗ ਕੀਤੀ ਹੈ ਕਿ ਤੁਰੰਤ ਵਿਸ਼ੇਸ਼ ਮੁਹਿੰਮ ਚਲਾ ਕੇ ਆਵਾਰਾ ਪਸ਼ੂਆਂ ਤੇ ਕੁੱਤਿਆਂ ਨੂੰ ਫੜਨ ਲਈ ਢੁਕਵੇਂ ਇੰਤਜ਼ਾਮ ਕੀਤੇ ਜਾਣ। ਲੋਕਾਂ ਨੇ ਕਿਹਾ ਕਿ ਜੇ ਜਲਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮਜਬੂਰ ਹੋ ਕੇ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਆਵਾਰਾ ਕੁੱਤਿਆਂ ਜਾਂ ਪਸ਼ੂਆਂ ਕਰਕੇ ਕੋਈ ਮਨੁੱਖੀ ਨੁਕਸਾਨ ਹੋਇਆ ਤਾਂ ਉਸ ਲਈ ਨਗਰ ਕੌਂਸਲ ਪ੍ਰਧਾਨ ਤੇ ਗੁਰਾਇਆ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।