ਕਿਤੇ ਸਰਕਾਰੀ ਕੰਮ ਬੰਦ, ਕਿਤੇ ਰਜਿਸਟਰੀਆਂ ਧੜਾਧੜ ਜਾਰੀ ਹੜਤਾਲ ਦਾ ਅਜੀਬ ਹਾਲ! ਕਿਤੇ ਸਰਕਾਰੀ ਕੰਮ ਬੰਦ, ਕਿਤੇ ਰਜਿਸਟਰੀਆਂ ਧੜਾਧੜ ਜਾਰੀ
Publish Date: Fri, 21 Aug 2026 09:33 PM (IST)
Updated Date: Fri, 21 Aug 2026 09:36 PM (IST)
-ਆਨਲਾਈਨ ਡਰਾਈਵਿੰਗ ਟੈਸਟ ਟਰੈਕ ਅੱਜ 5ਵੇਂ ਦਿਨ ਵੀ ਬੰਦ -ਮਹਿੰਗਾਈ ਭੱਤੇ ਦੇ ਮੁੱਦੇ ’ਤੇ ਡੀਸੀ ਦਫ਼ਤਰ ਦੇ ਬਾਹਰ ਪੱਤਰ ਦੀਆਂ ਕਾਪੀਆਂ ਫੂਕੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਮੁਲਾਜ਼ਮਾਂ ਦੀ ਹੜਤਾਲ ਨੇ ਸਰਕਾਰੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਤੇ ਸਰਕਾਰੀ ਸੇਵਾਵਾਂ ’ਤੇ ਤਾਲੇ ਲਟਕ ਰਹੇ ਹਨ ਤਾਂ ਕਿਤੇ ਰਜਿਸਟਰੀਆਂ ਧੜਾਧੜ ਜਾਰੀ ਰਹੀਆਂ। ਅੱਜ ਆਰਟੀਏ ਦਾ ਆਨਲਾਈਨ ਡਰਾਈਵਿੰਗ ਟੈਸਟ ਟਰੈਕ 5ਵੇਂ ਦਿਨ ਬੰਦ ਰਹਿਣ ਕਾਰਨ ਲਾਇਸੈਂਸ ਬਣਵਾਉਣ ਤੇ ਟੈਸਟ ਦੇਣ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਬ ਰਜਿਸਟਰਾਰ ਦਫ਼ਤਰਾਂ ’ਚ ਰਜਿਸਟਰੀਆਂ ਦਾ ਕੰਮ ਜਾਰੀ ਰਿਹਾ, ਜਿਸ ਕਾਰਨ ਹੜਤਾਲ ਨੂੰ ਲੈ ਕੇ ਆਮ ਲੋਕਾਂ ਵਿੱਚ ਵੀ ਸਵਾਲ ਉੱਠਣ ਲੱਗੇ ਹਨ ਕਿ ਆਖਿਰ ਹੜਤਾਲ ਦਾ ਅਸਰ ਕਿਹੜੇ ਵਿਭਾਗਾਂ ’ਤੇ ਹੈ। ਓਧਰ ਦੂਜੇ ਪਾਸੇ ਸਬ ਰਜਿਸਟਰਾਰ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਕਲਰਕਾਂ ਦੀ ਬਜਾਏ ਨਿੱਜੀ ਮੁਲਾਜ਼ਮਾਂ ਕੋਲੋਂ ਕੰਮ ਕਰਵਾਇਆ ਗਿਆ ਹੈ। -------------------------- ਡੀਸੀ ਦਫ਼ਤਰ ਦੇ ਬਾਹਰ ਗਰਜੇ ਮੁਲਾਜ਼ਮ ਇਸੇ ਦੌਰਾਨ ਮੰਗਾਂ ਨੂੰ ਲੈ ਕੇ ਮੁਲਾਜ਼ਮ ਜਥੇਬੰਦੀ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੇ ਵਿੱਤ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਆਗੂਆਂ ਦਾ ਕਹਿਣਾ ਹੈ ਕਿ ਹਾਈ ਕੋਰਟ ਵੱਲੋਂ ਮਹਿੰਗਾਈ ਭੱਤੇ ਸਬੰਧੀ ਸੁਣਾਏ ਗਏ ਫ਼ੈਸਲੇ ਨੂੰ ਲਾਗੂ ਕਰਨ ਦੀ ਬਜਾਏ ਵਿੱਤ ਵਿਭਾਗ ਵੱਲੋਂ 17 ਅਗਸਤ 2026 ਨੂੰ ਮਹਿੰਗਾਈ ਭੱਤਾ ਜਾਰੀ ਨਾ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ। ਇਸ ਦੇ ਵਿਰੋਧ ’ਚ ਪੰਜਾਬ ਰਾਜ ਮੰਤਰਾਲਾ ਤੇ ਅਧੀਨ ਸੇਵਾਵਾਂ ਮੁਲਾਜ਼ਮ ਜਥੇਬੰਦੀ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸੱਦੇ ਤਹਿਤ ਮੁਲਾਜ਼ਮਾਂ ਨੇ ਡੀਸੀ ਦਫਤਰ ਦੇ ਬਾਹਰ ਉਕਤ ਪੱਤਰ ਦੀਆਂ ਕਾਪੀਆਂ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ। ------------- ਹੜਤਾਲ ਕਾਰਨ ਆਮ ਲੋਕ ਹੋਏ ਖੱਜਲ-ਖੁਆਰ ਇਕ ਪਾਸੇ ਮੁਲਾਜ਼ਮ ਆਪਣੇ ਹੱਕਾਂ ਲਈ ਸੜਕਾਂ ’ਤੇ ਹਨ, ਉੱਥੇ ਦੂਜੇ ਪਾਸੇ ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਡਰਾਈਵਿੰਗ ਟੈਸਟ ਟਰੈਕ ਬੰਦ ਹੋਣ ਕਾਰਨ ਲੋਕਾਂ ਦੇ ਲਾਇਸੈਂਸ, ਆਰਸੀ ਸਬੰਧੀ ਕੰਮ ਅਟਕੇ ਰਹੇ, ਜਦਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਪਹੁੰਚੇ ਲੋਕ ਵੀ ਪਰੇਸ਼ਾਨ ਹੁੰਦੇ ਰਹੇ।