
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਿਲਡਿੰਗ ਬਰਾਂਚ ’ਚ ਤਬਦੀਲੀ, ਐੱਸਟੀਪੀ ਮਿਹਰਬਾਨ ਨੂੰ ਮਿਲੀ 3 ਵਿਧਾਨ ਸਭਾ ਹਲਕਿਆਂ ਦੀ ਜਿੰਮੇਦਾਰੀ, ਰੰਧਾਵਾ ਨੂੰ ਮਿਲਿਆ ਵੈਸਟ ਹਲਕਾ

-ਬਿਲਡਿੰਗ ਬ੍ਰਾਂਚ ’ਚ ਤਬਦੀਲੀ, ਰੰਧਾਵਾ ਨੂੰ ਮਿਲਿਆ ਵੈਸਟ ਹਲਕਾ
-ਸਟਾਫ ਦੀ ਘਾਟ ਸਿਰਫ ਦੋ ਇੰਸਪੈਕਟਰਾਂ ਨਾਲ ਚਲਾਇਆ ਜਾ ਰਿਹੈ ਕੰਮ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੇ ਐੱਮਟੀਪੀ ਮਿਹਰਬਾਨ ਦੀ ਐੱਸਟੀਪੀ ਵਜੋਂ ਤਰੱਕੀ ਹੋਣ ਦੇ ਬਾਅਦ ਬਿਲਡਿੰਗ ਬ੍ਰਾਂਚ ’ਚ ਚਾਰ ਵਿਧਾਨ ਸਭਾ ਹਲਕਿਆਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੀਤੀ 26 ਅਗਸਤ ਨੂੰ ਜਾਰੀ ਕੀਤੇ ਹੁਕਮਾਂ ’ਚ ਚਾਰ ਵਿਧਾਨ ਸਭਾ ਹਲਕਿਆਂ ’ਚੋਂ 3 ਵਿਧਾਨ ਸਭਾ ਹਲਕਿਆਂ ਸੈਂਟਰਲ, ਨਾਰਥ ਅਤੇ ਕੈਂਟ ਦੀ ਜ਼ਿੰਮੇਵਾਰੀ ਐੱਸਟੀਪੀ ਮਿਹਰਬਾਨ ਨੂੰ ਦਿੱਤੀ ਗਈ ਹੈ, ਜਦੋਂਕਿ ਐੱਮਟੀਪੀ ਇਕਬਾਲ ਪ੍ਰੀਤ ਸਿੰਘ ਰੰਧਾਵਾ ਨੂੰ ਕੈਬਨਿਟ ਮੰਤਰੀ ਮਹਿੰਦਰ ਭਗਤ ਦਾ ਵੈਸਟ ਹਲਕਾ ਦਿੱਤਾ ਗਿਆ ਹੈ।
-----------------------------
ਸਟਾਫ ਦੀ ਘਾਟ ਕਾਰਨ ਕੰਮ ਦੀ ਰਫ਼ਤਾਰ ਮੱਠੀ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ’ਚ ਭਾਵੇਂ ਉੱਚ ਪੱਧਰ ’ਤੇ ਅਧਿਕਾਰੀਆਂ ਦੀ ਗਿਣਤੀ ਜਾਂ ਅਹੁਦਿਆਂ ’ਚ ਵਾਧਾ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਹੇਠ ਕੰਮ ਕਰਨ ਵਾਲਾ ਸਟਾਫ ਵੀ ਤਾਂ ਚਾਹੀਦਾ ਹੈ। ਬਿਲਡਿੰਗ ਬ੍ਰਾਂਚ ’ਚ ਇੰਸਪੈਕਟਰਾਂ ਨੂੰ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ ਤੇ ਇਸ ਬ੍ਰਾਂਚ ਨੂੰ ਕਮਾਊ ਪੁੱਤ ਵੀ ਕਿਹਾ ਜਾਂਦਾ ਹੈ ਪਰ ਬ੍ਰਾਂਚ ਵਿਚ 20 ਇੰਸਪੈਕਟਰਾਂ ਦੀਆਂ ਪੋਸਟਾਂ ਹਨ ਪਰ ਇਸ ਸਮੇਂ ਸਿਰਫ 2 ਹੀ ਇੰਸਪੈਕਟਰ 20 ਇੰਸਪੈਕਟਰਾਂ ਦਾ ਭਾਰ ਚੁੱਕੀ ਫਿਰਦੇ ਹਨ, ਜਿਸ ਕਾਰਨ ਕੰਮ ਦੀ ਰਫਤਾਰ ਬਹੁਤ ਘੱਟ ਹੈ। ਇਸ ਤੋਂ ਇਲਾਵਾ ਅੱਧੀ ਦਰਜਨ ਸਹਾਇਕ ਟਾਊਨ ਪਲੈਨਰ (ਏਟੀਪੀ) ਹਨ।
-----------------------
ਸਟਾਫ ਲਈ ਲਿਖਿਆ ਸੀ ਪੱਤਰ
ਬਿਲਡਿੰਗ ਬਰਾਂਚ ਦਾ ਕੰਮ ਪੂਰੀ ਰਫਤਾਰ ਨਾਲ ਚਲਾਉਣ ਲਈ ਲਗਪਗ 2 ਮਹੀਨੇ ਪਹਿਲਾਂ ਮੇਅਰ ਵਨੀਤ ਧੀਰ ਨੇ ਸਥਾਨਕ ਸਰਕਾਰਾਂ ਮੰਤਰੀ ਨੂੰ ਪੱਤਰ ਲਿਖਿਆ ਸੀ ਤੇ ਉਹ ਖੁਦ ਵੀ ਮਿਲ ਕੇ ਉਨ੍ਹਾਂ ਤੋਂ ਸਟਾਫ ਦੀ ਘਾਟ ਪੂਰੀ ਕਰਨ ਦੀ ਗੱਲ ਕਰ ਕੇ ਆਏ ਸਨ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਛੇਤੀ ਹੀ ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੂੰ ਹੋਰ ਨਵੇਂ ਇੰਸਪੈਕਟਰ ਦਿੱਤੇ ਜਾਣਗੇ ਪਰ ਸਰਕਾਰ ਨੇ ਅਜੇ ਤੱਕ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਸ਼ਹਿਰ ’ਚ ਨਜਾਇਜ਼ ਉੁਸਾਰੀਆਂ ਦੀਆਂ ਸ਼ਿਕਾਇਤ ਵੱਧ ਗਈਆਂ ਹਨ ਤੇ ਜਿਥੋਂ ਸ਼ਿਕਾਇਤ ਆਉਂਦੀ ਹੈ ਤਾਂ ਉਥੇ ਇੰਸਪੈਕਟਰ ਨੂੰ ਭੇਜ ਦੇ ਜਾਂਚ ਕਰਵਾਈ ਜਾਂਦੀ ਹੈ।