ਸਟਾਰਮ ਸੀਵਰੇਜ ਦਾ ਕੰਮ ਸ਼ੁਰੂ, ਸੜਕ ਬੰਦ ਹੋਣ ਨਾਲ ਆਵਾਜਾਈ ਪ੍ਰਭਾਵਿਤ ਜਾਸ, ਜਲੰਧਰ : ਕਿਸ਼ਨਪੁਰਾ–ਲੰਮਾ
Publish Date: Thu, 26 Nov 2026 10:45 PM (IST)
Updated Date: Thu, 26 Nov 2026 10:49 PM (IST)
ਜਾਸ, ਜਲੰਧਰ : ਕਿਸ਼ਨਪੁਰਾ–ਲੰਮਾ ਪਿੰਡ ਚੌਕ ਰੋਡ ’ਤੇ ਪਾਣੀ ਭਰਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਸਟਾਰਮ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਪ੍ਰੋਜੈਕਟ ’ਤੇ ਕਰੀਬ 36 ਲੱਖ ਰੁਪਏ ਖਰਚ ਹੋਣਗੇ। ਮੇਅਰ ਤੇ ਨਾਰਥ ਹਲਕੇ ਦੇ ਇੰਚਾਰਜ ਵਨੀਤ ਧੀਰ ਨੇ ਕੁਝ ਦਿਨ ਪਹਿਲਾਂ ਇਸ ਕੰਮ ਦਾ ਉਦਘਾਟਨ ਕੀਤਾ ਸੀ। ਚੱਢਾ ਸਵੀਟ ਸ਼ਾਪ ਤੋਂ ਲੈ ਕੇ ਲੰਮਾ ਪਿੰਡ ਚੌਕ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਈਪਲਾਈਨ ਵਿਛਾਈ ਜਾਣੀ ਹੈ। ਕੰਮ ਸ਼ੁਰੂ ਹੁੰਦਿਆਂ ਹੀ ਕਿਸ਼ਨਪੁਰਾ ਰੋਡ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਇਲਾਕੇ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸੜਕ ’ਤੇ ਵੱਡੇ-ਵੱਡੇ ਪਾਈਪ ਰੱਖੇ ਹੋਣ ਕਾਰਨ ਰਸਤਾ ਰੁਕਿਆ ਹੋਇਆ ਹੈ। ਲੰਮਾ ਪਿੰਡ ਚੌਕ ਤੋਂ ਕਿਸ਼ਨਪੁਰਾ ਰੋਡ ਵੱਲ ਆਉਣਾ-ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਇਲਾਕੇ ’ਚ ਪੁਟਾਈ ਦਾ ਕੰਮ ਜਾਰੀ ਹੈ, ਜਿਸ ਕਾਰਨ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਤੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਮ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਆਵਾਜਾਈ ਲਈ ਬਦਲਵੇਂ ਪ੍ਰਬੰਧ ਕੀਤੇ ਜਾਣ। ਪਾਈਪਲਾਈਨ ਵਿਛਾਉਣ ਤੋਂ ਬਾਅਦ ਸੜਕ ਦੀ ਮੁੜ ਉਸਾਰੀ ’ਚ ਵੀ ਸਮਾਂ ਲੱਗ ਸਕਦਾ ਹੈ। ਇਸ ਲਈ ਆਉਣ ਵਾਲੇ ਦਿਨਾਂ ’ਚ ਲੋਕਾਂ ਦੀਆਂ ਮੁਸ਼ਕਲਾਂ ਵਧਣ ਦਾ ਖਦਸ਼ਾ ਹੈ। ਇਸ ਸੜਕ ’ਤੇ ਬਰਸਾਤੀ ਪਾਣੀ ਲੰਮੇ ਸਮੇਂ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਮੀਂਹ ਦੇ ਦਿਨਾਂ ਵਿਚ ਪੂਰੀ ਸੜਕ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਸੜਕ ਬੰਦ ਹੋਣ ਸਬੰਧੀ ਕੋਈ ਬੋਰਡ ਨਹੀਂ ਲਾਇਆ ਗਿਆ। ਵਾਹਨ ਵਾਪਸ ਮੋੜਨ ’ਚ ਵੀ ਉਨ੍ਹਾਂ ਨੂੰ ਦਿੱਕਤ ਆਈ। ਰਸਤਾ ਬੰਦ ਹੋਣ ਕਾਰਨ ਲੋਕਾਂ ਨੇ ਆਪਣੇ ਵਾਹਨ ਲੰਮਾ ਪਿੰਡ ਦੀਆਂ ਗਲੀਆਂ ਰਾਹੀਂ ਕੱਢੇ, ਜਿਸ ਨਾਲ ਉੱਥੇ ਵੀ ਜਾਮ ਲੱਗ ਗਿਆ।