- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ’ਚ ਸਟੋਰੇਜ ਸੰਕਟ, ਮਿੱਲਰਾਂ ਨੇ ਕੇਂਦਰ ਅੱਗੇ ਰੱਖੀਆਂ ਮੰਗਾਂ

-182 ਲੱਖ ਟਨ ਸਮਰੱਥਾ ਦੇ ਮੁਕਾਬਲੇ 270 ਲੱਖ ਟਨ ਸਰਕਾਰੀ ਅਨਾਜ ਮੌਜੂਦ
-ਅਨਾਜ ਦੀ ਨਿਕਾਸੀ ਦਰ ਨੂੰ ਵਧਾ ਕੇ ਘੱਟੋ-ਘੱਟ 20 ਲੱਖ ਟਨ ਕਰਨ ਦੀ ਮੰਗ
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਝੋਨਾ ਖਰੀਦ ਤੇ ਕਸਟਮ ਮਿਲਿੰਗ ਸੀਜ਼ਨ ਤੋਂ ਪਹਿਲਾਂ ਪੰਜਾਬ ਦੀ ਚੌਲ ਸਨਅਤ ਨੇ ਸਟੋਰੇਜ ਦੀ ਘਾਟ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਲੰਧਰ ਰਾਈਸ ਇੰਡਸਟਰੀ ਐਸੋਸੀਏਸ਼ਨ ਵੱਲੋਂ ਨਕੋਦਰ ਵਿਖੇ ਕਰਵਾਈ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਮਿੱਲਰਾਂ ਨੇ ਕਿਹਾ ਕਿ ਪੁਰਾਣੇ ਸਰਕਾਰੀ ਸਟਾਕ ਦੀ ਨਿਕਾਸੀ ’ਚ ਤੇਜ਼ੀ ਨਾ ਆਈ ਤਾਂ ਨਵੀਂ ਫ਼ਸਲ ਦੀ ਖਰੀਦ, ਮੰਡੀਆਂ ’ਚੋਂ ਚੁਕਾਈ ਤੇ ਐੱਫਸੀਆਈ ਨੂੰ ਚੌਲਾਂ ਦੀ ਡਿਲਿਵਰੀ ਪ੍ਰਭਾਵਿਤ ਹੋ ਸਕਦੀ ਹੈ।
ਮੀਟਿੰਗ ਦੀ ਪ੍ਰਧਾਨਗੀ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕੀਤੀ, ਜਦਕਿ ਬਾਸਮਤੀ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਬਲਕ੍ਰਿਸ਼ਨ ਬਾਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਭੂਸ਼ਣ ਬਿੰਟਾ ਨੇ ਦੱਸਿਆ ਕਿ ਪੰਜਾਬ ’ਚ ਕੁੱਲ ਸਟੋਰੇਜ ਸਮਰੱਥਾ ਕਰੀਬ 182 ਲੱਖ ਟਨ ਹੈ, ਜਦਕਿ ਗੋਦਾਮਾਂ ’ਚ ਪਹਿਲਾਂ ਹੀ ਲਗਭਗ 270 ਲੱਖ ਟਨ ਅਨਾਜ ਮੌਜੂਦ ਹੈ। ਮਿੱਲਰਾਂ ਨੇ ਮੰਗ ਕੀਤੀ ਕਿ ਅਨਾਜ ਦੀ ਨਿਕਾਸੀ ਦੀ ਮੌਜੂਦਾ 12-13 ਲੱਖ ਟਨ ਪ੍ਰਤੀ ਮਹੀਨਾ ਦਰ ਨੂੰ ਵਧਾ ਕੇ ਘੱਟੋ-ਘੱਟ 20 ਲੱਖ ਟਨ ਕੀਤਾ ਜਾਵੇ। ਮੀਟਿੰਗ ’ਚ 10 ਫੀਸਦੀ ਬ੍ਰੋਕਨ ਇੰਪਰੂਵਡ ਰਾਈਸ ਨੀਤੀ ਦੇ ਕੋਟੇ ਨੂੰ ਵੱਧ ਤੋਂ ਵੱਧ 30 ਲੱਖ ਟਨ ਤੱਕ ਸੀਮਤ ਕਰਨ ਦੀ ਮੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਮਿਲਿੰਗ ਚਾਰਜ ਵਧਾਉਣ, 100 ਫੀਸਦੀ ਟੁੱਟੇ ਚੌਲਾਂ ਦੀ 15 ਦਿਨਾਂ ’ਚ ਚੁਕਾਈ ਯਕੀਨੀ ਬਣਾਉਣ ਤੇ ਮਿੱਲਾਂ ਦੇ ਸਟੋਰੇਜ ਚਾਰਜ ’ਚ ਵਾਧਾ ਕਰਨ ਦੀ ਮੰਗ ਰੱਖੀ ਗਈ।
ਬਲਕ੍ਰਿਸ਼ਨ ਬਾਲੀ ਨੇ 40 ਕਿੱਲੋਮੀਟਰ ਤੋਂ ਵੱਧ ਦੂਰੀ ’ਤੇ ਚੌਲਾਂ ਦੀ ਡਿਲਿਵਰੀ ਲਈ ਅਸਲ ਦੂਰੀ ਦੇ ਹਿਸਾਬ ਨਾਲ ਪੂਰਾ ਭਾੜਾ ਦੇਣ ਤੇ ਬੈਕ-ਮੂਵਮੈਂਟ ਚਾਰਜ ਤੋਂ ਛੋਟ ਦੀ ਮੰਗ ਕੀਤੀ। ਇਸ ਮੌਕੇ ਬਿੰਟਾ ਨੇ ਕਿਸਾਨਾਂ ਨੂੰ ਮੰਡੀਆਂ ’ਚ 17 ਫੀਸਦੀ ਨਮੀ ਤੱਕ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਮੀਟਿੰਗ ’ਚ ਨਕੋਦਰ, ਜਲੰਧਰ, ਨੂਰਮਹਿਲ, ਮਹਿਤਪੁਰ, ਤਲਵਣ, ਆਦਮਪੁਰ, ਸ਼ਾਹਕੋਟ, ਫਿਲੌਰ, ਕਰਤਾਰਪੁਰ ਤੇ ਭੋਗਪੁਰ ਤੋਂ ਮਿੱਲਰਾਂ ਸਮੇਤ ਜਨਰਲ ਸਕੱਤਰ ਇੰਦਰਜੀਤ ਜੌਲੀ, ਵਾਈਸ ਪ੍ਰਧਾਨ ਹਰੀ ਓਮ ਮਿੱਤਲ ਤੇ ਨਵੀਨ ਗੋਇਲ ਹਾਜ਼ਰ ਸਨ। ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਮਿੱਲਰਾਂ ਦੀਆਂ ਮੰਗਾਂ ਕੇਂਦਰ ਸਰਕਾਰ ਤੇ ਐੱਫਸੀਆਈ ਅੱਗੇ ਰੱਖੀਆਂ ਜਾਣਗੀਆਂ।