ਲੋਕਾਂ ਨੂੰ ਈ-ਬੱਸ ਦੀ ਸਹੂਲਤ ਦੇਣ ’ਚ ਨਗਰ ਨਿਗਮ ਦਾ ਪ੍ਰਾਜੈਕਟ ਪਿਆ ਪਿੱਛੇ ਲੋਕਾਂ ਨੂੰ ਈ ਬੱਸ ਦੀ ਸਹੂਲਤ ਦੇਣ ’ਚ ਨਗਰ ਨਿਗਮ ਦਾ ਪ੍ਰਾਜੈਕਟ ਪਿਆ ਪਿੱਛੇ
Publish Date: Sun, 13 Sep 2026 07:34 PM (IST)
Updated Date: Sun, 13 Sep 2026 07:35 PM (IST)
6.91 ਕਰੋੜ ਦਾ ਹੈ ਦੋ ਚਾਰਜਿੰਗ ਸਟੇਸ਼ਨਾਂ ਦਾ ਕੁੱਲ ਪ੍ਰਾਜੈਕਟ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਨਗਰ ਨਿਗਮ ਈ-ਬੱਸ ਸੇਵਾ ਲੋਕਾਂ ਨੂੰ ਮੁਹੱਈਆ ਕਰਾਉਣ ਦਾ ਪ੍ਰਾਜੈਕਟ ਪਿੱਛੇ ਪੈ ਗਿਆ ਹੈ ਤੇ ਉਸ ਲਈ ਅਜੇ ਤਕ ਇਲੈਕਟ੍ਰਾਨਿਕ ਬੱਸਾਂ ਲਈ ਜਿਹੜੇ ਦੋ ਚਾਰਜਿੰਗ ਸਟੇਸ਼ਨ ਬਣਾਏ ਜਾਣੇ ਸਨ, ਉਹ ਹਾਲੇ ਤੱਕ ਤਿਆਰ ਨਹੀਂ ਹੋ ਸਕੇ ਹਨ। ਈ-ਬੱਸ ਸੇਵਾ ਲਈ ਕੇਂਦਰ ਸਰਕਾਰ ਨੇ ਨਗਰ ਨਿਗਮ ਨੂੰ ਇਹ ਪ੍ਰਾਜੈਕਟ ਚਾਲੂ ਕਰਨ ਲਈ ਕਿਹਾ ਗਿਆ ਸੀ ਤੇ ਪ੍ਰਾਜੈਕਟ ਨੂੰ ਇਕ ਸਾਲ ਅੰਦਰ ਅਮਲ ’ਚ ਲਿਆਉਣ ਲਈ ਕਿਹਾ ਗਿਆ ਸੀ। ਨਗਰ ਨਿਗਮ ਪ੍ਰਸ਼ਾਸਨ ਅਨੁਸਾਰ ਈ-ਬੱਸ ਸੇਵਾ ਲਈ ਦੋ ਚਾਰਜਿੰਗ ਸਟੇਸ਼ਨ ਬਣਾਏ ਜਾਣੇ ਹਨ ਤੇ ਇਕ ਚਾਰਜਿੰਗ ਸਟੇਸ਼ਨ ਨਗਰ ਨਿਗਮ ਦੀ ਪੁਰਾਣੀ ਵਰਕਸ਼ਾਪ ਵਾਲੀ ਥਾਂ ’ਤੇ ਅਤੇ ਦੂਜਾ ਲੰਮਾ ਪਿੰਡ ਚੌਕ ਸਥਿਤ ਨਗਰ ਨਿਗਮ ਦੀ ਮੌਜੂਦਾ ਵਰਕਸ਼ਾਪ ’ਚ ਬਣਾਇਆ ਜਾਣਾ ਹੈ। ਨਗਰ ਨਿਗਮ ਕੈਂਪਸ ’ਚ ਤਾਂ ਚਾਰਜਿੰਗ ਸਟੇਸ਼ਨ ਦਾ ਕੰਮ ਤਾਂ ਸ਼ੁਰੂ ਹੋਇਆ, ਪਰ ਬਹੁਤ ਹੀ ਧੀਮੀ ਰਫਤਾਰ ਨਾਲ ਉਸ ਦਾ ਕੰਮ ਚਲ ਰਿਹਾ ਹੈ ਜਦੋਂਕਿ ਲੰਮਾ ਪਿੰਡ ਚੌਕ ਸਥਿਤ ਨਿਗਮ ਦੀ ਵਰਕਸਾਪ ’ਚ ਅਜੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਨਗਰ ਨਿਗਮ ਸੂਤਰਾਂ ਅਨੁਸਾਰ ਲੰਮਾ ਪਿੰਡ ਚੌਕ ਸਥਿਤ ਨਿਗਮ ਦੀ ਵਰਕਸ਼ਾਪ ਵਾਲੀ ਥਾਂ ਮੰਡੀ ਬੋਰਡ ਦੀ ਹੈ ਜਿਸ ਤੋਂ ਨਿਗਮ ਨੂੰ ਐੱਨਓਸੀ ਨਾ ਮਿਲਣ ਕਾਰਨ ਹੀ ਇਸ ਚਾਰਜਿੰਗ ਸਟੇਸ਼ਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਜਿਸ ਕਾਰਨ ਇਹ ਪ੍ਰਾਜੈਕਟ ਨਿਰਧਾਰਤ ਸਮੇਂ ਤੋਂ ਕਾਫ਼ੀ ਪਿੱਛੇ ਰਹਿ ਗਿਆ ਹੈ। ਨਗਰ ਨਿਗਮ ਕੈਂਪਸ ’ਚ ਚੱਲ ਰਹੇ ਚਾਰਜਿੰਗ ਸਟੇਸ਼ਨ ਦੀ ਐੱਨਓਸੀ ਪੰਜਾਬ ਮੈਨੇਜਮੈਂਟ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ\ ਪੀਐੱਮਆਈਡੀਸੀ ਨੇ ਦੇਣੀ ਸੀ ਜੋ ਕਿ ਮਿਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਚਾਰਜਿੰਗਿ ਸਟੇਸ਼ਨ ਦਾ ਕੰਮ ਕਾਫੀ ਹੌਲੀ ਰਫ਼ਤਾਰ ਨਾਲ ਚਲ ਰਿਹਾ ਹੈ। ਜਾਪਦਾ ਹੈ ਕਿ ਇਹ ਦਸੰਬਰ ਤੱਕ ਵੀ ਤਿਆਰ ਨਹੀਂ ਹੋ ਸਕੇਗਾ। ਇਹ ਪ੍ਰਾਜੈਕਟ 3.08 ਕਰੋੜ ਰੁਪਏ ਦਾ ਹੈ। ------------------- ਲੰਮਾ ਪਿੰਡ ਚੌਕ ਵਰਕਸ਼ਾਪ ’ਚ ਦੂਜਾ ਚਾਰਜਿੰਗ ਸਟੇਸ਼ਨ ਬਣੇਗਾ ਨਗਰ ਨਿਗਮ ਦੇ ਸੂਤਰਾਂ ਅਨੁਸਾਰ ਦੂਜਾ ਚਾਰਜਿੰਗ ਸਟੇਸ਼ਨ ਨਗਰ ਨਿਗਮ ਦੀ ਲੰਮਾ ਪਿੰਡ ਵਰਕਸ਼ਾਪ ਵਿਖੇ ਬਣਾਇਆ ਜਾਣਾ ਹੈ ਤੇ ਇਹ ਪ੍ਰਾਜੈਕਟ 3.83 ਕਰੋੜ ਦਾ ਹੈ ਤੇ ਇਸ ਦਾ ਅਜੇ ਤਕ ਕੰਮ ਸ਼ੁਰੂ ਨਹੀਂ ਹੋ ਸਕਿਆ। ਨਗਰ ਨਿਗਮ ਦੀ ਵਰਕਸ਼ਾਪ ਵਾਲੀ ਥਾਂ ਪੰਜਾਬ ਮੰਡੀ ਬੋਰਡ ਦੀ ਹੈ ਤੇ ਉਸ ਵੱਲੋਂ ਨਗਰ ਨਿਗਮ ਨੂੰ ਐੱਨਓਸੀ ਲੈਣ ’ਚ ਕਾਫੀ ਸਮਾਂ ਲੱਗਾ ਜਿਸ ਕਾਰਨ ਇਸ ਚਾਰਜਿੰਗ ਸਟੇਸ਼ਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਕਿਉਂਕਿ ਵਰਕਸ਼ਾਪ ਵਿਖੇ ਬਿਜਲੀ ਦੀਆਂ ਹਾਈ ਪਾਵਰ ਤਾਰਾਂ ਲੰਘਦੀਆਂ ਹਨ ਜਿਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਹਾਈ ਪਾਵਰ ਤਾਰਾਂ ਤਬਦੀਲ ਕਰਨ ਨੂੰ ਕਿਹਾ ਗਿਆ ਸੀ ਤੇ ਉਸ ਦੀ ਰਕਮ ਵੀ ਜਮ੍ਹਾਂ ਕਰਾਈ ਗਈ, ਪਰ ਪਾਵਰਕਾਮ ਨੇ ਅਜੇ ਤੱਕ ਤਾਰਾਂ ਸ਼ਿਫਟ ਨਹੀਂ ਕੀਤੀਆਂ ਤੇ ਪਾਵਰਕਾਮ ਨੇ ਵੀ ਅਜੇ ਤੱਕ ਐੱਨਓਸੀ ਨਹੀਂ ਦਿੱਤੀ। ਇੱਥੇ ਹੀ ਬੱਸ ਨਹੀਂ, ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਪ੍ਰਾਜੈਕਟ ’ਚ ਅੜਿੱਕਾ ਪਾਇਆ ਹੋਇਆ ਹੈ ਤੇ ਉਸ ਨੇ ਹਾਈ ਪਾਵਰ ਤਾਰਾਂ ਦਾ ਟਰਾਂਸਫਾਰਮਰ ਬਦਲਣ ਤੇ ਉਸ ਲਈ ਥਾਂ ਤੱਕ ਨਹੀਂ ਅਲਾਟ ਕੀਤੀ ਜਿਸ ਕਾਰਨ ਈ-ਬਿਸ ਲਈ ਦੂਜਾ ਚਾਰਜਿੰਗ ਸਟੇਸ਼ਨ ਦਾ ਕੰਮ ਵੀ ਅਜੇ ਅਧੂਰਾ ਚਿਲ ਰਿਹਾ ਹੈ। ਇਸ ਤੋਂ ਜਾਪਦਾ ਹੈ ਕਿ ਇਹ ਦੋਵੇ ਪ੍ਰਾਜੈਕਟ ਦਸੰਬਰ ਤਕ ਵੀ ਪੂਰਾ ਨਹੀਂ ਹੋ ਸਕੇਗਾ। -------------------- ਇਕ ਚਾਰਜਿੰਗ ਸਟੇਸ਼ਨ ਦਸੰਬਰ ਤਕ ਹੋ ਸਕੇਗਾ ਚਾਲੂ ਇਸ ਸਬੰਧੀ ਨਗਰ ਨਿਗਮ ਦੇ ਬੀਐਂਡਆਰ ਬਰਾਂਚ ਦੇ ਐੱਸਈ ਰਾਹੁਲ ਧਵਨ ਅਨੁਸਾਰ ਨਗਰ ਨਿਗਮ ਕੈਂਪਸ ’ਚ ਚੱਲ ਰਹੇ ਚਾਰਜਿੰਗ ਸਟੇਸ਼ਨ ਦਾ ਕੰਮ ਹੁਣ ਤੇਜ਼ੀ ਨਾਲ ਚੱਲ ਰਿਹਾ ਹੈ ਕਿਉਂਕਿ ਉਸ ਦੀ ਐੱਨਓਸੀ ਵੀ ਪੀਐੱਮਆਈਡੀਸੀ ਵੱਲੋਂ ਮਿਲ ਚੁੱਕੀ ਹੈ ਤੇ ਹੁਣ ਉਸ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਉਸ ਦਾ ਇਕ ਹਿੱਸਾ ਤਿਆਰ ਹੋਣ ਦੇ ਨੇੜੇ ਹੈ ਤੇ ਇਹ ਸਟੇਸ਼ਨ ਚਾਲੂ ਸਾਲ ਦੇ ਅੰਤਿਮ ਮਹੀਨੇ ਦਸਬੰਰ 2026 ਤਕ ਤਿਆਰ ਹੋ ਜਾਏਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੈਂਪਸ ਤੇ ਲੰਮਾ ਪਿੰਡ ਚੌਕ ਵਿਖੇ ਵਰਕਸ਼ਾਪ ’ਚ ਬੱਸਾਂ ਖੜ੍ਹੀਆਂ ਕਰਨ ਲਈ ਬਕਾਇਦਾ ਸ਼ੈੱਡ ਵੀ ਤਿਆਰ ਕੀਤਾ ਜਾਏਗਾ, ਜਿੱਥੇ ਰਾਤ ਨੂੰ ਬੱਸਾਂ ਦੀ ਚਾਰਜਿੰਗ ਵੀ ਹੋਵੇਗੀ ਤੇ ਮੀਂਹ-ਝੱਪੜ ਤੋਂ ਵੀ ਉਨ੍ਹਾਂ ਦਾ ਬਚਾਅ ਰਹੇਗਾ ਤਾਂ ਜੋ ਉਨ੍ਹਾਂ ’ਚ ਕਿਸੇ ਤਰ੍ਹਾਂ ਦਾ ਤਕਨੀਕੀ ਨੁਕਸ ਨਾ ਪੈ ਸਕੇ। ---------------------------- ਆਉਂਦੀਆਂ ਚੋਣਾਂ ’ਤੇ ਵੀ ਪੈ ਸਕਦੈ ਅਸਰ ਨਗਰ ਨਿਗਮ ਵੱਲੋਂ ਈ-ਬੱਸ ਸੇਵਾ ਨਿਰਧਾਰਤ ਸਮੇਂ ’ਤੇ ਚਾਲੂ ਨਾ ਕਰਨ ਅਤੇ ਲੋਕਾਂ ਨੂੰ ਆਟੋ ਰਿਕਸ਼ਾ ਤੇ ਈ-ਰਿਕਸ਼ਾ ਵਾਲਿਆਂ ਦੀ ਲੁੱਟ ਤੋਂ ਛੁਟਕਾਰਾ ਨਾ ਮਿਲਣ ਕਾਰਨ ਵਿਰੋਧੀ ਪਾਰਟੀਆਂ ਇਸ ਸਹੂਲਤ ਨੂੰ ਮੁੱਦਾ ਬਣਾ ਸਕਦੀਆਂ ਹਨ। ਕਿਉਂਕਿ ਈ-ਬੱਸ ਸੇਵਾ ਨਾਲ ਲੋਕਾਂ ਨੂੰ ਆਰਥਿਕ ਤੌਰ ’ਤੇ ਵਧੇਰੇ ਲਾਭ ਮਿਲਣਾ ਹੈ, ਪਰ ਇਸ ਲਾਭ ਤੋਂ ਲੋਕਾਂ ਦੇ ਵਾਂਝੇ ਰਹਿਣ ਕਾਰਨ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਨਰਾਜ਼ਗੀ ਦਾ ਜਵਾਬ ਦੇ ਸਕਦੇ ਹਨ।