- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਡਾਂ ਵਤਨ ਪੰਜਾਬ ਦੀਆਂ-2026ְ’ ਤਹਿਤ ਜਲੰਧਰ ’ਚ 10 ਤੋਂ 17 ਅਕਤੂਬਰ ਤੱਕ ਹੋਣਗੇ ਰਾਜ ਪੱਧਰੀ ਖੇਡ ਮੁਕਾਬਲੇ

-ਖਿਡਾਰੀਆਂ ਲਈ ਰਿਹਾਇਸ਼, ਖਾਣ-ਪੀਣ, ਆਵਾਜਾਈ, ਸੁਰੱਖਿਆ ਸਮੇਤ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜਲੰਧਰ ’ਚ ਰਾਜ ਪੱਧਰੀ ਖੇਡਾਂ ਦੇ ਮੁਕਾਬਲੇ 10 ਤੋਂ 17 ਅਕਤੂਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਕੈਟਾਗਰੀਜ਼ ਤੇ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਨੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਸ਼ਤਰੰਜ ਤੇ ਵਾਲੀਬਾਲ ਸ਼ੂਟਿੰਗ ਦੇ ਰਾਜ ਪੱਧਰੀ ਮੁਕਾਬਲੇ 10 ਤੋਂ 15 ਅਕਤੂਬਰ ਤੱਕ ਸਰਕਾਰੀ ਆਰਟਸ ਤੇ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਏ ਜਾਣਗੇ, ਜਦਕਿ ਟੇਬਲ ਟੈਨਿਸ ਦੇ ਮੁਕਾਬਲੇ 12 ਤੋਂ 17 ਅਕਤੂਬਰ ਤੱਕ ਹੰਸਰਾਜ ਸਟੇਡੀਅਮ ਵਿਖੇ ਹੋਣਗੇ। ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਜ ਪੱਧਰੀ ਖੇਡ ਮੁਕਾਬਲਿਆਂ ’ਚ ਭਾਗ ਲੈਣ ਲਈ ਦੂਜੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਖਿਡਾਰੀਆਂ ਦੀ ਰਿਹਾਇਸ਼ ਤੇ ਖਾਣ-ਪੀਣ ਲਈ ਢੁੱਕਵੇਂ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਲਏ ਜਾਣ। ਇਸ ਤੋਂ ਇਲਾਵਾ ਖੇਡ ਸਥਾਨਾਂ ਦੀ ਸਾਫ਼-ਸਫਾਈ, ਫੋਗਿੰਗ, ਪੀਣ ਵਾਲੇ ਸਾਫ਼ ਪਾਣੀ, ਆਰਜ਼ੀ ਟਾਇਲੈਟਸ, ਸੁਚਾਰੂ ਟਰਾਂਸਪੋਰਟੇਸ਼ਨ ਦੀ ਵਿਵਸਥਾ ਕਰਨ ਦੇ ਵੀ ਨਿਰਦੇਸ਼ ਦਿੱਤੇ।
ਉਨ੍ਹਾਂ ਖੇਡ ਸਥਾਨਾਂ ਤੇ ਖਿਡਾਰੀਆਂ ਦੀ ਰਿਹਾਇਸ਼ ਵਾਲੀਆਂ ਥਾਵਾਂ ’ਤੇ ਲੋੜੀਂਦੀਆਂ ਮੈਡੀਕਲ ਟੀਮਾਂ ਦੀ ਤਾਇਨਾਤੀ, ਸੁਰੱਖਿਆ ਪ੍ਰਬੰਧਾਂ ਸਮੇਤ ਹੋਰ ਜ਼ਰੂਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਤਾਂ ਜੋ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਉਹ ਪੂਰੇ ਉਤਸ਼ਾਹ ਨਾਲ ਖੇਡ ਮੁਕਾਬਲਿਆਂ ’ਚ ਭਾਗ ਲੈ ਸਕਣ। ਮੀਟਿੰਗ ’ਚ ਐੱਸਡੀਐੱਮ ਸ਼ੁਭੀ ਆਂਗਰਾ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ, ਸਕੱਤਰ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।