- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪਾਲ ਕਟਾਰੀਆ ਨੇ ‘ਸਟੇਟ ਪਬਲਿਕ ਸਕੂਲ’ ਨੂੰ ‘ਐਮੀਨੈਂਸ ਅਵਾਰਡ’ ਨਾਲ ਕੀਤਾ ਸਨਮਾਨਿਤ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਵਿੱਦਿਅਕ ਖੇਤਰ ’ਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਤੇ ਸ਼ਾਨਦਾਰ ਸੇਵਾਵਾਂ ਕਾਰਨ ਨਾਮਵਰ ਵਿੱਦਿਅਕ ਸੰਸਥਾ ‘ਸਟੇਟ ਪਬਲਿਕ ਸਕੂਲ ਸਮੂਹ’ ਨੂੰ ਵੱਕਾਰੀ ‘ਐਮੀਨੈਂਸ ਅਵਾਰਡ’ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਚੰਡੀਗੜ੍ਹ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਦਿੱਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਪਣੇ ਕਰ-ਕਮਲਾਂ ਨਾਲ ‘ਸਟੇਟ ਪਬਲਿਕ ਸਕੂਲ ਸਮੂਹ’ ਦੇ ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਨੂੰ ਇਹ ਅਵਾਰਡ ਭੇਟ ਕੀਤਾ। ਇਸ ਸ਼ੁਭ ਮੌਕੇ ’ਤੇ ਸਟੇਟ ਪਬਲਿਕ ਸਕੂਲ, ਸ਼ਾਹਕੋਟ ਦੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਪ੍ਰਾਪਤੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਨਮੋਲ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਡਾ. ਨਰੋਤਮ ਸਿੰਘ ਨੇ ਸਮਾਜ ’ਚ ਮਿਆਰੀ ਸਿੱਖਿਆ ਦੇ ਪਸਾਰ ਦਾ ਸੁਪਨਾ ਵੇਖਿਆ ਸੀ। ਇਸੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਸਾਲ 2001 ’ਚ ਨਕੋਦਰ ਤੋਂ ‘ਸਟੇਟ ਪਬਲਿਕ ਸਮੂਹ’ ਦੀ ਨੀਂਹ ਰੱਖੀ ਸੀ। ਵਿੱਦਿਅਕ ਖੇਤਰ ’ਚ ਮਿਲੀ ਸਫਲਤਾ ਤੇ ਵਿਦਿਆਰਥੀਆਂ ਨੂੰ ਉੱਚ-ਪਾਏ ਦੀ ਸਿੱਖਿਆ ਦੇਣ ਦੇ ਉਦੇਸ਼ ਨਾਲ ਸਾਲ 2003 ’ਚ ਇਸ ਦੀ ਦੂਜੀ ਬ੍ਰਾਂਚ ਸ਼ਾਹਕੋਟ ਵਿਖੇ ਸਥਾਪਿਤ ਕੀਤੀ ਗਈ। ਇਸ ਤੋਂ ਬਾਅਦ ਜਲੰਧਰ ਤੇ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀਆਂ ਦੀਆਂ ਲੋੜਾਂ ਤੇ ਆਧੁਨਿਕ ਸਹੂਲਤਾਂ ਵਾਲੇ ਸਕੂਲ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਜਲੰਧਰ ’ਚ 2007 ’ਚ ਸਕੂਲ ਦੀ ਤੀਜੀ ਬ੍ਰਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਇਸ ਵੱਕਾਰੀ ਅਵਾਰਡ ਮਿਲਣ ‘ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਵਾਅਦਾ ਕੀਤਾ ਕਿ ਸੰਸਥਾ ਭਵਿੱਖ ’ਚ ਵੀ ਇਸੇ ਤਰ੍ਹਾਂ ਹੋਰ ਮਿਹਨਤ ਕਰਦੀ ਰਹੇਗੀ।