- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਰ ਦਫਤਰਾਂ ਦਾ ਸਰਵਰ ਠੱਪ, ਅਫ਼ਸਰ ਗ਼ੈਰ ਹਾਜ਼ਰ; ਜਨਤਾ ਖੱਜਲ

-ਸੀਐੱਮ ਦੀ ਡਿਊਟੀ ’ਚ ਰੁੱਝੇ ਰਹੇ ਜੁਆਇੰਟ ਸਬ ਰਜਿਸਟਰਾਰ-2
-69 ਦਸਤਾਵੇਜ਼ ਰੱਦ, ਲੋਕ ਮੁੜ ਆਉਣਗੇ ਸੋਮਵਾਰ ਦਫ਼ਤਰ
-ਢਾਈ ਵਜੇ ਤੋਂ ਬਾਅਦ ਸ਼ੁਰੂ ਹੋ ਸਕਿਆ ਕੰਮ, ਘੰਟਿਆਂਬਧੀ ਲੋਕ ਬੈਠੇ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਆਨਲਾਈਨ ਰਜਿਸਟਰੀਆਂ ਦੀ ਵਿਵਸਥਾ ਸ਼ੁੱਕਰਵਾਰ ਨੂੰ ਲੋਕਾਂ ਲਈ ਹੀ ਪਰੇਸ਼ਾਨੀ ਦਾ ਸਬੱਬ ਬਣੀ ਰਹੀ। ਜਲੰਧਰ ਦੇ ਸਬ-ਰਜਿਸਟਰਾਰ ਦਫ਼ਤਰਾਂ ’ਚ ਸਰਵਰ ਦੀ ਸਮੱਸਿਆ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹਾਲਾਤ ਇਹ ਰਹੇ ਕਿ ਸਵੇਰ ਤੋਂ ਲੈ ਕੇ ਦੁਪਹਿਰ ਢਾਈ ਵਜੇ ਤੱਕ ਸਿਰਫ਼ ਇੱਕ ਹੀ ਦਸਤਾਵੇਜ਼ ਦਰਜ ਹੋ ਸਕਿਆ। ਇਸ ਤੋਂ ਬਾਅਦ ਮੁੱਖ ਮੰਤਰੀ ਦੀ ਡਿਊਟੀ ਕਾਰਨ ਵੀ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਿੱਥੇ ਲੋਕ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਦਫ਼ਤਰਾਂ ਵਿੱਚ ਪਹੁੰਚੇ ਹੋਏ ਸਨ, ਉੱਥੇ ਤਕਨੀਕੀ ਸਮੱਸਿਆ ਅਤੇ ਅਧਿਕਾਰੀ ਦੀ ਗੈਰ-ਮੌਜੂਦਗੀ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ।
----------------
ਐੱਸਆਰ-2 ਸੀਐੱਮ ਦੀ ਆਓ-ਭਗਤ ’ਚ ਰੁੱਝੇ ਰਹੇ!
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਜੁਆਇੰਟ ਸਬ-ਰਜਿਸਟਰਾਰ ਵਰਗੀਆਂ ਅਸਾਮੀਆਂ ਦਾ ਪ੍ਰਬੰਧ ਇਸ ਮਕਸਦ ਨਾਲ ਕੀਤਾ ਗਿਆ ਸੀ ਕਿ ਰਜਿਸਟਰੀਆਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਹੋਰ ਸਰਕਾਰੀ ਡਿਊਟੀਆਂ ਕਾਰਨ ਦਫ਼ਤਰੀ ਕੰਮ ਛੱਡਣ ਦੀ ਨੌਬਤ ਨਾ ਆਵੇ। ਇਸ ਵਿਵਸਥਾ ਦਾ ਮੁੱਖ ਉਦੇਸ਼ ਇਹੀ ਸੀ ਕਿ ਰਜਿਸਟਰੀਆਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਨਾ ਝੱਲਣੀ ਪਵੇ। ਪਰ ਸ਼ੁੱਕਰਵਾਰ ਨੂੰ ਜੁਆਇੰਟ ਸਬ-ਰਜਿਸਟਰਾਰ-2 ਜਗਤਾਰ ਸਿੰਘ ਦੀ ਡਿਊਟੀ ਮੁੱਖ ਮੰਤਰੀ ਦੀ ਆਓ-ਭਗਤ ਵਿੱਚ ਲਗਾ ਦਿੱਤੀ ਗਈ। ਇਸ ਦਾ ਖਮਿਆਜ਼ਾ ਰਜਿਸਟਰੀਆਂ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਭੁਗਤਣਾ ਪਿਆ। ਜਗਤਾਰ ਸਿੰਘ ਦੀ ਗੈਰ-ਮੌਜੂਦਗੀ ਕਾਰਨ ਉਨ੍ਹਾਂ ਦੀ ਆਈਡੀ ਵਿੱਚ ਦਰਜ ਹੋਣ ਲਈ ਆਏ ਦਸਤਾਵੇਜ਼ਾਂ ਦਾ ਕੰਮ ਵੀ ਅੱਗੇ ਨਹੀਂ ਵਧ ਸਕਿਆ। ਸਵਾਲ ਇਹ ਹੈ ਕਿ ਜਦੋਂ ਲੋਕਾਂ ਦੀ ਸਹੂਲਤ ਲਈ ਅਧਿਕਾਰੀਆਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਫਿਰ ਸਰਕਾਰੀ ਡਿਊਟੀ ਕਾਰਨ ਆਮ ਜਨਤਾ ਦੇ ਕੰਮ ਕਿਉਂ ਰੁਕਣ।
---------------------------------
ਦੋਵਾਂ ਦਫ਼ਤਰਾਂ ਵਿੱਚ 167 ਦਸਤਾਵੇਜ਼ ਦਰਜ, 69 ਰੱਦ
ਸ਼ੁੱਕਰਵਾਰ ਨੂੰ ਸਬ-ਰਜਿਸਟਰਾਰ ਦਫ਼ਤਰ-1 ਵਿੱਚ 169 ਅਪਾਇੰਟਮੈਂਟਾਂ ਵਿੱਚੋਂ 107 ਦਸਤਾਵੇਜ਼ ਦਰਜ ਕੀਤੇ ਗਏ। ਇਨ੍ਹਾਂ ਵਿੱਚ 73 ਰਜਿਸਟਰੀਆਂ, 8 ਤਬਦੀਲ ਮਲਕੀਅਤ, 2 ਵਸੀਅਤਾਂ, 3 ਪਟਾਨਾਮੇ, 6 ਮੁਖਤਾਰਨਾਮੇ ਅਤੇ 15 ਐੱਮਓਡੀਟੀ ਸ਼ਾਮਲ ਦੱਸੇ ਗਏ ਹਨ। ਇਸੇ ਤਰ੍ਹਾਂ ਸਬ-ਰਜਿਸਟਰਾਰ ਦਫ਼ਤਰ-2 ਵਿੱਚ 129 ਅਪਾਇੰਟਮੈਂਟਾਂ ਵਿੱਚੋਂ 60 ਦਸਤਾਵੇਜ਼ ਦਰਜ ਹੋਏ। ਇਨ੍ਹਾਂ ਵਿੱਚ 40 ਰਜਿਸਟਰੀਆਂ, 4 ਵਸੀਅਤਾਂ, 7 ਐੱਮਓਡੀਟੀ, 7 ਟਰਾਂਸਫਰ ਡੀਡ ਅਤੇ ਮੁਖਤਾਰਨਾਮੇ 2 ਸ਼ਾਮਲ ਹਨ। ਜਗਤਾਰ ਸਿੰਘ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ਕਾਰਨ 69 ਦਸਤਾਵੇਜ਼ ਰੱਦ ਹੋਣ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਦਸਤਾਵੇਜ਼ਾਂ ਨਾਲ ਸਬੰਧਤ ਲੋਕਾਂ ਨੂੰ ਹੁਣ ਮੁੜ ਸੋਮਵਾਰ ਨੂੰ ਬੁਲਾਇਆ ਗਿਆ ਹੈ। ਇਸ ਸਥਿਤੀ ਨੇ ਉਨ੍ਹਾਂ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ, ਜਿਨ੍ਹਾਂ ਨੇ ਪਹਿਲਾਂ ਹੀ ਅਪਾਇੰਟਮੈਂਟ ਲਈ ਹੋਈ ਸੀ ਅਤੇ ਆਪਣੇ ਕੰਮ ਲਈ ਸਮਾਂ ਕੱਢ ਕੇ ਦਫ਼ਤਰ ਪਹੁੰਚੇ ਸਨ। ਹੁਣ ਉਨ੍ਹਾਂ ਨੂੰ ਸੋਮਵਾਰ ਨੂੰ ਦੁਬਾਰਾ ਦਫ਼ਤਰ ਆਉਣਾ ਪਵੇਗਾ।
-------------------------------
ਸਰਵਰ ਬੰਦ ਤੇ ਦਫ਼ਤਰਾਂ ਦੇ ਦਰਵਾਜ਼ੇ ਵੀ ਬੰਦ!
ਸਰਵਰ ਦੀ ਸਮੱਸਿਆ ਨੇ ਲੋਕਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧਾਈਆਂ ਹੋਈਆਂ ਸਨ, ਪਰ ਲੋਕਾਂ ਅਨੁਸਾਰ ਦੋਵਾਂ ਦਫ਼ਤਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਸਰਵਰ ਬੰਦ ਹੋਣ ਅਤੇ ਕੰਮਕਾਜ ਪ੍ਰਭਾਵਿਤ ਹੋਣ ਸਬੰਧੀ ਕੋਈ ਸਪੱਸ਼ਟ ਨੋਟਿਸ ਵੀ ਨਹੀਂ ਲਗਾਇਆ ਗਿਆ, ਜਿਸ ਨਾਲ ਲੋਕਾਂ ਨੂੰ ਸਥਿਤੀ ਬਾਰੇ ਜਾਣਕਾਰੀ ਲੈਣ ਵਿੱਚ ਮੁਸ਼ਕਲ ਆਈ। ਲੋਕਾਂ ਨੇ ਸਵਾਲ ਉਠਾਇਆ ਕਿ ਜਦੋਂ ਤਕਨੀਕੀ ਖ਼ਰਾਬੀ ਕਾਰਨ ਕੰਮ ਨਹੀਂ ਹੋ ਸਕਦਾ ਸੀ ਤਾਂ ਘੱਟੋ-ਘੱਟ ਇਸ ਬਾਰੇ ਸਪੱਸ਼ਟ ਜਾਣਕਾਰੀ ਤਾਂ ਦਿੱਤੀ ਜਾਣੀ ਚਾਹੀਦੀ ਸੀ, ਤਾਂ ਜੋ ਲੋਕ ਬਿਨਾਂ ਵਜ੍ਹਾ ਉਡੀਕ ਨਾ ਕਰਦੇ ਰਹਿਣ। ਉਨ੍ਹਾਂ ਅਨੁਸਾਰ, ਦਫ਼ਤਰਾਂ ਵਿੱਚ ਲੋਕਾਂ ਦੀ ਸਹੂਲਤ ਨੂੰ ਪਹਿਲ ਦੇਣ ਦੀ ਬਜਾਏ ਅਜਿਹੇ ਹਾਲਾਤ ਪੈਦਾ ਹੋਣਾ ਪ੍ਰਸ਼ਾਸਨਿਕ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦਾ ਹੈ।
---------------------------
ਤਕਨੀਕੀ ਨੁਕਸ ਕਦੇ ਵੀ ਪੈ ਸਕਦਾ : ਜਤਿੰਦਰ ਸਿੰਘ
ਇਸ ਸਬੰਧੀ ਐੱਸਆਰ-1 ਦੇ ਰਜਿਸਟਰੀ ਕਲਰਕ (ਆਰਸੀ) ਜਤਿੰਦਰ ਸਿੰਘ ਨੇ ਕਿਹਾ ਕਿ ਸਰਵਰ ਬੰਦ ਹੋਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਇੱਕ ਤਕਨੀਕੀ ਪ੍ਰਕਿਰਿਆ ਹੈ, ਜਿਸ ਵਿੱਚ ਕਦੇ ਵੀ ਨੁਕਸ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਧਿਕਾਰੀ ਵੱਲੋਂ ਕੰਮ ਪੂਰਾ ਨਿਬੇੜ ਦਿੱਤਾ ਗਿਆ ਹੈ।