ਸਪੋਰਟਸ ਕੰਪਲੈਕਸ ਦੇ 10 ਕਮਰੇ ਹਾਲੇ ਵੀ 'ਸਟਰੌਂਗ ਰੂਮ', ਖਿਡਾਰੀ ਸਹੂਲਤਾਂ ਤੋਂ ਵਾਂਝੇ ਚੋਣਾਂ ਤੋਂ ਬਾਅਦ ਵੀ ਖੇਡਾਂ 'ਤੇ ਸਟੇਅ': ਜਲੰਧਰ ਦੇ ਸਪੋਰਟ
Publish Date: Tue, 21 Jul 2026 08:15 PM (IST)
Updated Date: Tue, 21 Jul 2026 08:19 PM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਲੋਕ ਸਭਾ ਚੋਣਾਂ ਬੀਤਿਆਂ ਦੋ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਪੰਜਾਬ ਦੇ ਸਪੋਰਟਸ ਹੱਬ ਵਜੋਂ ਜਾਣੇ ਜਾਂਦੇ ਜਲੰਧਰ ਦੇ ਸਥਾਨਕ ਸਪੋਰਟਸ ਕੰਪਲੈਕਸ ’ਚ ਖੇਡ ਗਤੀਵਿਧੀਆਂ ਅਜੇ ਵੀ ਪੂਰੀ ਤਰ੍ਹਾਂ ਲੀਹ ਤੇ ਨਹੀਂ ਆ ਸਕੀਆਂ। ਚੋਣਾਂ ਦੌਰਾਨ ਵਰਤੇ ਗਏ ਸਪੋਰਟਸ ਕੰਪਲੈਕਸ ਦੀ ਮੁੱਖ ਇਮਾਰਤ ਦੇ 10 ਅਹਿਮ ਕਮਰਿਆਂ ਨੂੰ ਅਜੇ ਵੀ ਸਟਰੌਂਗ ਰੂਮ ਵਜੋਂ ਸੀਲ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਚੋਣਾਂ ਨਾਲ ਸਬੰਧਤ ਈ.ਵੀ.ਐੱਮ. ਮਸ਼ੀਨਾਂ ਤੇ ਹੋਰ ਮਹੱਤਵਪੂਰਨ ਰਿਕਾਰਡ ਪਿਆ ਹੈ। --------------------- ਖਿਡਾਰੀਆਂ ਦੀ ਖੱਜਲ-ਖੁਆਰੀ ਤੇ ਸੁਵਿਧਾਵਾਂ ਦੀ ਘਾਟ ਸਪੋਰਟਸ ਕੰਪਲੈਕਸ ਅਥਲੈਟਿਕ ਟਰੈਕ ਦਾ ਪੈਲਵਿਨ ਬਲਾਕ, ਸਪੋਰਟਸ ਕਾਲਜ ਹੋਸਟਲ, ਜਿਮਨਾਸਟਿਕ ਹਾਲ ਸਣੇ 10 ਕਮਰੇ ਬੰਦ ਪਏ ਹਨ। ਇੱਥੋਂ ਤੱਕ ਕਿ ਇਨਡੋਰ ਬਾਕਸਿੰਗ ਹਾਲ ਦੇ ਵਾਸ਼ਰੂਮ ਤੇ ਚੇਜਿੰਗ ਰੂਮ ਵੀ ਬਲਾਕ ਹਨ, ਜਿਸ ਨਾਲ ਖਿਡਾਰਣਾਂ ਨੂੰ ਖਾਸ ਤੌਰ ’ਤੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਲੈਕਸ ਦੀ ਮੁੱਖ ਇਮਾਰਤ ਦੇ ਕਮਰੇ ਬੰਦ ਹੋਣ ਕਾਰਨ ਰੋਜ਼ਾਨਾ ਅਭਿਆਸ ਲਈ ਆਉਣ ਵਾਲੇ ਸੈਂਕੜੇ ਉੱਭਰਦੇ ਖਿਡਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਮਾਰਤ ਦਾ ਇੱਕ ਵੱਡਾ ਹਿੱਸਾ ਚੋਣ ਪ੍ਰਸ਼ਾਸਨ ਦੇ ਕਬਜ਼ੇ ਹੇਠ ਹੋਣ ਕਾਰਨ ਇੱਥੇ ਨਵੇਂ ਖੇਡ ਕੈਂਪ ਜਾਂ ਟੂਰਨਾਮੈਂਟ ਕਰਵਾਉਣ ਵਿੱਚ ਵੱਡੀਆਂ ਅੜਚਨਾਂ ਆ ਰਹੀਆਂ ਹਨ। ਅਭਿਆਸ ਕਰ ਰਹੇ ਖਿਡਾਰੀਆਂ ਨੇ ਦੱਸਿਆ ਕਿ ਅਸੀਂ ਰੋਜ਼ਾਨਾ ਇੱਥੇ ਸਖ਼ਤ ਮਿਹਨਤ ਕਰਨ ਆਉਂਦੇ ਹਾਂ ਪਰ ਚੇਂਜਿੰਗ ਰੂਮ ਤੇ ਹੋਰ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਤਿਆਰੀ ਪ੍ਰਭਾਵਿਤ ਹੋ ਰਹੀ ਹੈ। ਪ੍ਰਸ਼ਾਸਨ ਨੂੰ ਖਿਡਾਰੀਆਂ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ ਤੁਰੰਤ ਕੋਈ ਬਦਲਵਾਂ ਹੱਲ ਕੱਢਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੇ 4 ਜੂਨ 2024 ਨੂੰ 1,75,993 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ ਸੀ, ਦੀ ਚੋਣ ਨੂੰ ਚੁਣੌਤੀ ਦਿੰਦੀ ਇੱਕ ਚੋਣ ਪਟੀਸ਼ਨ ਹਾਈ ਕੋਰਟ ’ਚ ਦਾਇਰ ਜ਼ਰੂਰ ਕੀਤੀ ਗਈ ਹੈ। ਹਾਲਾਂਕਿ ਅਦਾਲਤ ਵੱਲੋਂ ਐੱਮਪੀ ਚਰਨਜੀਤ ਸਿੰਘ ਚੰਨੀ ਦੀ ਚੋਣ ਜਾਂ ਮੈਂਬਰਸ਼ਿਪ ਤੇ ਕੋਈ ਵੀ ਸਟੇਅ ਆਰਡਰ ਜਾਰੀ ਨਹੀਂ ਕੀਤਾ ਗਿਆ ਸੀ। ਉਹ ਪੂਰੀ ਤਰ੍ਹਾਂ ਸਰਗਰਮ ਸੰਸਦ ਮੈਂਬਰ ਵਜੋਂ ਕੰਮ ਕਰ ਰਹੇ ਹਨ। ਭਾਵੇਂ ਕਿ ਚੋਣ ਨਿਯਮਾਂ ਕਾਰਨ ਈ.ਵੀ.ਐੱਮ. ਮਸ਼ੀਨਾਂ ਅਤੇ ਰਿਕਾਰਡ ਨੂੰ ਸੁਰੱਖਿਅਤ ਰੱਖਣਾ ਕਾਨੂੰਨੀ ਤੇ ਪਰਸ਼ਾਸ਼ਨਿਕ ਪ੍ਰਕਿਰਿਆ ਦਾ ਹਿੱਸਾ ਹੈ ਪਰ ਖਿਡਾਰੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਬੁਨਿਆਦੀ ਸਹੂਲਤਾਂ ਤੋੰ ਲੰਮਾ ਸਮਾਂ ਵਾਂਝੇ ਰੱਖਣਾ ਵੀ ਸਵਾਲੀਆ ਨਿਸ਼ਾਨ ਲਾਉਂਦਾ ਹੈ। ---------------------------- ਛੇਤੀ ਕੀਤਾ ਜਾਵੇਗਾ ਸ਼ਿਫਟ ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿੱਤਾ ਮਿੱਤਰਾ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ। ਸੋ ਜਲਦ ਹੀ ਈ.ਵੀ.ਐੱਮ. ਮਸ਼ੀਨਾਂ ਅਤੇ ਚੋਣ ਡਾਟਾ ਨੂੰ ਸਪੋਰਟਸ ਕੰਪਲੈਕਸ ਤੋਂ ਹਟਾ ਕੇ ਕਿਸੇ ਹੋਰ ਸੁਰੱਖਿਅਤ ਸਰਕਾਰੀ ਇਮਾਰਤ ਜਾਂ ਗੁਦਾਮ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ------------------------- ਜਲਦ ਹੋਵੇ ਹੱਲ ਇਸ ਸਬੰਧੀ ਜ਼ਿਲਾ ਖੇਡ ਅਫ਼ਸਰ ਗੁਰਪਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਦੋ ਸਾਲ ਤੋਂ ਉਪਰ ਦਾ ਸਮਾਂ ਲੰਘ ਚੁੱਕਾ ਹੈ। ਸਪੋਰਟਸ ਕੰਪਲੈਕਸ ਦਾ ਬੰਦ ਪਿਆ ਹਿੱਸਾ ਜਿਥੇ ਖਰਾਬ ਹੋ ਰਿਹਾ ਹੈ, ਉਥੇ ਖਿਡਾਰੀ ਵੀ ਸਹੂਲਤਾਂ ਤੋਂ ਸੱਖਣੇ ਹਨ। ਸੋ ਪ੍ਰਸ਼ਾਸ਼ਨ ਇਸ ਪਾਸੇ ਧਿਆਨ ਦੇਵੇ ਤਾਂ ਜੋ ਖਿਡਾਰੀ ਸਰਕਾਰੀ ਬੁਨਿਆਦੀ ਸਹੂਲਤਾਂ ਲੈ ਸਕਣ।