- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲ ਅਕੈਡਮੀ ਧਨਾਲ ਕਲਾਂ ਵਿਖੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਕਰਵਾਏ ਗਏ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਧਨਾਲ ਕਲਾਂ ਵਿਖੇ 4 ਤੋਂ 6 ਨਵੰਬਰ 2026 ਤੱਕ ਵੱਖ-ਵੱਖ ਉਮਰ ਵਰਗਾਂ ਦੇ ਵਿਦਿਆਰਥੀਆਂ ਲਈ ਤਿੰਨ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਅਕੈਡਮੀ ਦੀ ਹੈੱਡ ਗਰਲ ਅਤੇ ਚਾਰੇ ਹਾਊਸਾਂ ਦੇ ਕਪਤਾਨਾਂ ਦੀ ਅਗਵਾਈ ਵਿੱਚ ਸ਼ਾਨਦਾਰ ਮਾਰਚ ਪਾਸਟ ਕੱਢਿਆ ਗਿਆ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਖੇਡ ਸਹੁੰ ਚੁਕਾਈ ਗਈ, ਜਿਸ ਵਿੱਚ ਉਨ੍ਹਾਂ ਨੇ ਨਿਰਪੱਖ ਖੇਡ, ਅਨੁਸ਼ਾਸਨ ਅਤੇ ਸੱਚੀ ਖੇਡ ਭਾਵਨਾ ਬਣਾਈ ਰੱਖਣ ਦਾ ਪ੍ਰਣ ਲਿਆ। ਪਹਿਲੇ ਦਿਨ ਨਰਸਰੀ ਤੋਂ ਦੂਜੀ ਜਮਾਤ, ਦੂਜੇ ਦਿਨ ਤੀਜੀ ਤੋਂ ਪੰਜਵੀਂ ਅਤੇ ਗਿਆਰ੍ਹਵੀਂ-ਬਾਰ੍ਹਵੀਂ ਜਮਾਤ, ਜਦਕਿ ਤੀਜੇ ਦਿਨ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਕੇਲਾ ਦੌੜ, ਨਿੰਬੂ ਦੌੜ, ਸਾਦੀ ਦੌੜ, ਗੇਂਦ ਪਾਸ ਕਰਨ ਦੀ ਖੇਡ, ਸਕੂਲ ਬੈਗ ਤਿਆਰ ਕਰਨ ਦੀ ਦੌੜ, ਲੱਤਾਂ ਬੰਨ੍ਹ ਕੇ ਦੌੜ, ਖੋ-ਖੋ ਸਮੇਤ ਕਈ ਦਿਲਚਸਪ ਖੇਡਾਂ ਸ਼ਾਮਲ ਸਨ।
ਸਮਾਪਤੀ ਮੌਕੇ ਸਕੂਲ ਦੀ ਪ੍ਰਿੰਸੀਪਲ ਬਲਜੀਤ ਕੌਰ ਨੇ ਪ੍ਰੇਰਨਾਦਾਇਕ ਭਾਸ਼ਣ ’ਚ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਤੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਸਿਹਤਮੰਦ ਤੇ ਅਨੁਸ਼ਾਸਿਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਜੇਤੂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਤਿੰਨ ਦਿਨਾਂ ਦੇ ਮੁਕਾਬਲਿਆਂ ਨੇ ਵਿਦਿਆਰਥੀਆਂ ’ਚ ਸਰੀਰਕ ਤੰਦਰੁਸਤੀ, ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਵਰਕ ਅਤੇ ਸੱਚੀ ਖੇਡ ਭਾਵਨਾ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।