- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਸ਼ਾਨਦਾਰ ਆਯੋਜਨ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਪੰਜਾਬ ਸਰਕਾਰ, ਖੇਡ ਵਿਭਾਗ ਅਤੇ ਮਾਪਿਆਂ ਨੂੰ ਇਕ ਮਹੱਤਵਪੂਰਨ ਸੁਨੇਹਾ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਸੋਚ ਨਾਲ ਪੰਜਾਬ ਵਿੱਚ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸਫ਼ਲ ਆਗਾਜ਼ ਹੋ ਰਿਹਾ ਹੈ। ਸਰਕਾਰ ਨੇ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ। ਉਨ੍ਹਾਂ ਪੰਜਾਬ ’ਚ ਵਧ ਰਹੇ ਨਸ਼ਿਆਂ ਦੇ ਮੁੱਦੇ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇ ਸਾਡੇ ਬੱਚੇ 'ਚਿੱਟੇ' ਵਰਗੇ ਭੈੜੇ ਨਸ਼ਿਆਂ ’ਚ ਫਸੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢਣ ਲਈ ਖੇਡਾਂ ਹੀ ਸਭ ਤੋਂ ਵੱਡਾ ਜ਼ਰੀਆ ਹਨ।
-----------------------
ਹਰ ਪਿੰਡ ਵਿੱਚੋਂ ਨਿਕਲ ਸਕਦੈ ਹਰਮਨਪ੍ਰੀਤ
ਆਪਣੇ ਪੁੱਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਹਰਮਨਪ੍ਰੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਵਿੱਚੋਂ ਉੱਠ ਕੇ ਦੇਸ਼ ਦੀ ਹਾਕੀ ਟੀਮ ਦਾ ਕਪਤਾਨ ਬਣ ਸਕਦਾ ਹੈ ਤਾਂ ਪੰਜਾਬ ਦੇ ਲੱਖਾਂ ਬੱਚਿਆਂ ’ਚ ਇਹ ਸਮਰੱਥਾ ਹੈ। ਚਾਹੇ ਉਹ ਹਾਕੀ ਹੋਵੇ, ਫੁੱਟਬਾਲ ਹੋਵੇ ਜਾਂ ਕ੍ਰਿਕਟ, ਸਾਡੇ ਬੱਚਿਆਂ ਵਿਚ ਟੈਲੰਟ ਦੀ ਕੋਈ ਘਾਟ ਨਹੀਂ ਹੈ। ਘਾਟ ਹੈ ਤਾਂ ਸਿਰਫ਼ ਸਹੀ ਦੇਖਭਾਲ ਅਤੇ ਨਿਗਰਾਨੀ ਦੀ। ਉਨ੍ਹਾਂ ਨੇ ਮਾਪਿਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਹਰ ਗੱਲ ਲਈ ਸਿਰਫ਼ ਸਰਕਾਰਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਸਗੋਂ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ।
----------------------
ਮੀਡੀਆ ਤੇ ਸਰਕਾਰ ਤੋਂ ਮੰਗ
ਉਨ੍ਹਾਂ ਮੀਡੀਆ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਜੋ ਖੇਡਾਂ ਤੇ ਨੌਜਵਾਨੀ ਨੂੰ ਬਚਾਉਣ ਲਈ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੁਰਾਕ (ਡਾਈਟ), ਵਧੀਆ ਕੋਚਿੰਗ, ਖੇਡ ਸਹੂਲਤਾਂ ਤੇ ਪੱਕੀਆਂ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਹੋਰ ਨੌਜਵਾਨ ਵੀ ਖੇਡਾਂ ਵੱਲ ਪ੍ਰੇਰਿਤ ਹੋ ਸਕਣ।