ਦੀਵਾਲੀ ਤੇ ਛੱਟ ਪੂਜਾ ਲਈ ਰੇਲਵੇ 15 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ : ਡੀਆਰਐੱਮ ਦੀਵਾਲੀ ਤੇ ਛੱਟ ਪੂਜਾ ਲਈ ਰੇਲਵੇ 15 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ - ਡੀਆਰਐੱਮ
Publish Date: Fri, 06 Nov 2026 06:44 PM (IST)
Updated Date: Fri, 06 Nov 2026 06:44 PM (IST)
ਵਿਸ਼ੇਸ਼ ਰੇਲ ਗੱਡੀਆਂ 98 ਚੱਕਰ ਲਾਉਣਗੀਆਂ ਹੰਗਾਮੀ ਹਾਲਤ ਦੌਰਾਨ ਐਡੀਸ਼ਨਲ ਗੱਡੀਆਂ ਵੀ ਰਿਜ਼ਰਵ ਰੱਖੀਆਂ ਗਈਆਂ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਦੀਵਾਲੀ ਤੇ ਛੱਟ ਪੂਜਾ ਦੇ ਤਿਉਹਾਰਾਂ ਨੂੰ ਦੇਖਦੇ ਹੋਏ 15 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਸੰਜੀਵ ਕੁਮਾਰ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੀਤਾ ਤੇ ਕਿਹਾ ਕਿ ਪੂਰਬ ਭਾਰਤ ਬਿਹਾਰ ਤੇ ਪੱਛਮੀ ਬੰਗਾਲ ਵੱਲ ਛੱਟ ਪੂਜਾ ’ਤੇ ਜਾਣ ਵਾਲੇ ਯਾਤਰੀਆਂ ਦੀ ਵੱਧ ਰਹੀ ਗਿਣਤੀ ਤੇ ਉਨ੍ਹਾਂ ਦੀ ਸਹੂਲਤ ਲਈ ਉਕਤ ਵਿਸ਼ੇਸ਼ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨਾਲ ਸੀਨੀਅਰ ਡੀਸੀਐੱਮ ਬਸੰਤ ਕੁਮਾਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਅੰਮ੍ਰਿਤਸਰ ਤੋਂ ਰੋਜ਼ਾਨਾ 70 ਗੱਡੀਆਂ ਜਲੰਧਰ ਹੋ ਕੇ ਲੰਘਦੀਆਂ ਹਨ, ਪਰ ਤਿਉਹਾਰਾਂ ਲਈ ਰੇਲਵੇ ਨੇ ਉਕਤ 15 ਜੋੜੀ ਵਿਸ਼ੇਸ਼ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ 15 ਜੋੜੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਉਨ੍ਹਾਂ ’ਚੋਂ 2 ਜੋੜੀ ਫਿਰੋਜ਼ਪੁਰ ਸਿਟੀ ਤੋਂ, ਇਕ ਛਿਆਟਾ ਤੋਂ, 5 ਅੰਮ੍ਰਿਤਸਰ ਤੋਂ ਤੇ 6 ਲੁਧਿਆਣਾ ਤੋਂ ਚਲਾਈਆਂ ਜਾਣੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 2 ਵਿਸ਼ੇਸ਼ ਰੇਲ ਗੱਡੀਆਂ 04616 ਪਟਨਾ ਲਈ ਤੇ 3 ਅੰਮ੍ਰਿਤਸਰ ਤੋਂ ਬਰੌਨੀ ਲਈ ਚਲਦੀਆਂ ਹਨ, ਉਨ੍ਹਾਂ ਦੇ ਕੋਚ ਵਧਾਏ ਗਏ ਹਨ। ----------------------- ਯਾਤਰੀਆਂ ਦੇ ਵੇਟਿੰਗ ਲਈ ਵਿਵਸਥਾ ਡੀਆਰਐੱਮ ਨੇ ਕਿਹਾ ਕਿ ਅੰਮ੍ਰਿਤਸਰ ’ਚ 300 ਵਰਗ ਗਜ਼, ਲੁਧਿਆਣਾ ’ਚ 2500 ਵਰਗ ਗਜ਼, ਜਲੰਧਰ ’ਚ 400 ਵਰਗ ਗਜ਼ ਅਤੇ ਢੰਡਾਰੀ ’ਚ 500 ਵਰਗ ਗਜ਼ ਜ਼ਮੀਨ ਤੇ ਯਾਤਰੀਆਂ ਦੇ ਅਸਥਾਈ ਵੇਟਿੰਗ ਲਈ ਵਿਵਸਥਾ ਕੀਤੀ ਗਈ ਹੈ। ----------------------- ਟਿਕਟ ਕਾਊਂਟਰ ਡੀਆਰਐੱਮ ਨੇ ਕਿਹਾ ਕਿ ਦੀਵਾਲੀ ਤੇ ਛੱਟ ਪੂਜਾ ਮੌਕੇ ਯਾਤਰੀਆਂ ਦੇ ਬਿਹਾਰ ਅਤੇ ਪੱਛਮੀ ਬੰਗਾਲ ਜਾਣ ਵਾਲੇ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਐਡੀਸ਼ਨਲ ਟਿਕਟ ਕਾਊਂਟਰ ਖੋਲ੍ਹੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਟਿਕਟ ਲੈਣ ਸਮੇਂ ਕੋਈ ਪ੍ਰੇਸ਼ਾਨੀ ਨਾ ਹੋਵੇ। ਆਮ ਤੌਰ ’ਤੇ ਵੱਧ ਟਿਕਟ ਕਾਊਂਟਰ ਨਾ ਹੋਣ ਤੇ ਕਈ ਯਾਤਰੀ ਟਿਕਟ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਉਹ ਫਿਰ ਜਾਂ ਤਾਂ ਗੱਡੀ ’ਤੇ ਸਵਾਰ ਹੋਣ ਤੋਂ ਰਹਿ ਜਾਂਦੇ ਹਨ ਜਾਂ ਫਿਰ ਬਿਨਾਂ ਟਿਕਟ ਯਾਤਰੀਆਂ ਕਰਨ ਲਈ ਮਜਬੂਰ ਹੁੰਦੇ ਹਨ। ----------------- ਵਿਸ਼ੇਸ਼ ਬਾਰ ਰੂਮ\ਕੰਟਰੋਲ ਰੂਮ ਡੀਆਰਐੱਮ ਸੰਜੀਵ ਕੁਮਾਰ ਨੇ ਕਿਹਾ ਕਿ ਉਕਤ ਤਿਉਹਾਰਾਂ ਨੂੰ ਦੇਖਦੇ ਹੋਏ ਜਿਹੜੀਆਂ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਹਨ, ਦੀ ਸਾਰੀ ਸਥਿਤੀ ’ਤੇ ਨਜ਼ਰ ਰੱਖਣ ਲਈ ਫਿਰੋਜ਼ਪੁਰ ਰੇਲਵੇ ਮੰਡਲ ਵਿਖੇ ਇਕ ਬਾਰ ਰੂਮ ਕਾਇਮ ਕੀਤਾ ਗਿਆ ਹੈ ਜਿਸ ਰਾਹੀਂ ਉਕਤ ਸਾਰੇ ਸਟੇਸ਼ਨਾਂ ’ਤੇ ਚੌਕਸੀ ਰੱਖੀ ਜਾਏਗੀ। ---------------------- ਯਾਤਰਾ ਦੌਰਾਨ ਕੋਈ ਅਗਨੀ ਪਦਾਰਥ ਨਾ ਲੈ ਜਾਣ ਫਿਰੋਜ਼ਪੁਰ ਰੇਲਵੇ ਮੰਡਲ ਪ੍ਰਬੰਧਕ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਪਟਾਕਾ ਜਾਂ ਵਿਸਫੋਟਕ ਪਦਾਰਥ ਆਦਿ ਨਾ ਲੈ ਕੇ ਚੱਲਣ ਜਿਸ ਨਾਲ ਕਿਸੇ ਅਣਸੁਖਾਵੀਂ ਘਟਨਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ---------------------- ਮੁਆਇਨਾ ਡੀਆਰਐੱਮ ਨੇ ਆਪਣੀ ਜਲੰਧਰ ਫੇਰੀ ਦੌਰਾਨ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਦਾ ਵੀ ਮੁਆਇਨਾ ਕੀਤਾ ਤੇ ਕੰਸਟ੍ਰਕਸ਼ਨ ਵਿੰਗ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਤੋਂ ਚੱਲ ਰਹੀ ਉਸਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਟੇਸ਼ਨ ਸੁਪਰਡੈਂਟ ਹਰੀਦੱਤ ਸ਼ਰਮਾ, ਸੀਆਈਟੀ ਧੀਮਾਨ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।