ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਦੋ ਵਿਦਿਆਰਥਣਾਂ ਗੰਭੀਰ ਜ਼ਖ਼ਮੀ
ਡੀਏਵੀ ਯੂਨੀਵਰਸਿਟੀ ਦੇ ਸਾਹਮਣੇ ਤੇਜ਼ ਰਫ਼ਤਾਰ ਥਾਰ ਬੇਕਾਬੂ, ਦੋ ਵਿਦਿਆਰਥਣਾਂ ਗੰਭੀਰ ਜ਼ਖਮੀ
Publish Date: Wed, 25 Feb 2026 06:48 PM (IST)
Updated Date: Wed, 25 Feb 2026 06:52 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ : ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਡੀਏਵੀ ਯੂਨੀਵਰਸਿਟੀ ਦੇ ਸਾਹਮਣੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਥਾਰ (ਨੰਬਰ ਪੀਬੀ-08-ਏਐੱਫ) ਨੂੰ ਤੁਸ਼ਾਰ ਪੁੱਤਰ ਨਰੇਸ਼ ਕੁਮਾਰ ਵਾਸੀ ਭੋਗਪੁਰ ਚਲਾ ਰਿਹਾ ਸੀ। ਗੱਡੀ ਤੇਜ਼ ਹੋਣ ਕਾਰਨ ਚਾਲਕ ਨੇ ਉਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਪਰ ਕਾਬੂ ਨਾ ਰਹਿਣ ਕਾਰਨ ਥਾਰ ਕਾਰ ਪਹਿਲਾਂ ਸਵਿਫਟ ਕਾਰ (ਜੇਕੇ-18-7273), ਜਿਸ ਨੂੰ ਰਿਆਜ਼ ਅਹਿਮਦ ਪੁੱਤਰ ਮੁਹੰਮਦ ਇਸਮਾਈਲ ਵਾਸੀ ਜੰਮੂ-ਕਸ਼ਮੀਰ ਚਲਾ ਰਿਹਾ ਸੀ, ਨਾਲ ਜਾ ਟਕਰਾਈ। ਕਾਰ ਨਾਲ ਟੱਕਰ ਮਾਰਨ ਤੋਂ ਬਾਅਦ ਥਾਰ ਸੜਕ ਕਿਨਾਰੇ ਖੜ੍ਹੀਆਂ ਦੋ ਵਿਦਿਆਰਥਣਾਂ ਅਨਮੋਲ ਤੇ ਵੰਦਨਾ ਵਾਸੀ ਬੁਲੰਦਪੁਰ ਨਾਲ ਜਾ ਵੱਜੀ। ਹਾਦਸੇ ’ਚ ਦੋਵੇਂ ਕੁੜੀਆਂ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਮੌਕੇ ’ਤੇ ਪਹੁੰਚੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ 112 ’ਤੇ ਕਾਲ ਕੀਤੇ ਜਾਣ ਉਪਰੰਤ ਥਾਣਾ ਮਕਸੂਦਾਂ ਤੋਂ ਏਐੱਸਆਈ ਹਰਬੰਸ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।