- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਵਰਸਪੀਡ ਨਿੱਜੀ ਸਕੂਲ ਦੀ ਬੱਸ ਸੋਲਰ ਪਲਾਂਟ ਵਿੱਚ ਜਾ ਵੜੀ, 25 ਬੱਚਿਆਂ ਦੀ ਜਾਨ ਬਚੀ

-ਬੱਸ ਚਾਲਕ ਕੋਲ ਮੌਕੇ ’ਤੇ ਨਹੀਂ ਸੀ ਡਰਾਈਵਿੰਗ ਲਾਇਸੈਂਸ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ
ਨਜ਼ਦੀਕੀ ਪਿੰਡ ਢੰਡਵਾੜ ਗੇਟ ਕੋਲ ਇਕ ਨਿੱਜੀ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਬੱਸ ਓਵਰਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਮੋਟਰ ’ਤੇ ਲੱਗੇ ਸੋਲਰ ਪਲਾਂਟ ’ਚ ਜਾ ਵੜੀ। ਬੱਸ ’ਚ ਤਕਰੀਬਨ 25 ਸਕੂਲੀ ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ ਤੇ ਵੱਡਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮੌਕੇ ’ਤੇ ਮੌਜੂਦ ਰਾਹਗੀਰਾਂ ਤੇ ਲੋਕਾਂ ਨੇ ਦੱਸਿਆ ਕਿ ਬੱਸ ਬੇਕਾਬੂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਦੂਜੇ ਪਾਸੇ ਬੱਸ ਚਾਲਕ ਰਮਨਦੀਪ ਸਿੰਘ ਪੁੱਤਰ ਤੀਰਥ ਚੰਦ ਨੇ ਦੱਸਿਆ ਕਿ ਬੱਸ ਦੀਆਂ ਬਰੇਕਾਂ ਨਹੀਂ ਲੱਗੀਆਂ, ਜਿਸ ਕਾਰਨ ਬੱਸ ਸੋਲਰ ਪਲਾਂਟ ’ਚ ਜਾ ਵੜੀ। ਉਸ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ’ਤੇ ਪੁੱਜਾ ਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਬੱਸ ਨੂੰ ਸੋਲਰ ਪਲਾਂਟ ਹੇਠੋਂ ਬਾਹਰ ਕੱਢਿਆ ਗਿਆ ਉਸੇ ਹੀ ਬੱਸ ਦੀਆਂ ਖਿੱਚ ਖਿੱਚ ਕੇ ਬਰੇਕਾਂ ਮਾਰੀਆਂ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬੱਸ ਚਾਲਕ ਕੋਲ ਮੌਕੇ ’ਤੇ ਡਰਾਈਵਿੰਗ ਲਾਇਸੈਂਸ ਮੌਜੂਦ ਨਹੀਂ ਸੀ। ਇਸ ਮੌਕੇ ਹਰਕੀਤ ਸਿੰਘ ਢੰਡਵਾੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਤੇ ਜਿਨ੍ਹਾਂ ਬੱਸਾਂ ਦੇ ਕਾਗਜ਼ਾਤ ਅਧੂਰੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਦਸੇ ਦੌਰਾਨ ਮੋਟਰ ਮਾਲਕ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਵਾਈ ਜਾਵੇ। ਇਸ ਸਬੰਧੀ 112 ਦੇ ਇੰਚਾਰਜ ਥਾਣੇਦਾਰ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਬੱਸ ਚਾਲਕ ਤੋਂ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਉਸ ਕੋਲ ਮੌਕੇ ’ਤੇ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।