ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐੱਲਈਡੀ ਸਕਰੀਨਾਂ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐੱਲਈਡੀ ਸਕਰੀਨਾਂ
Publish Date: Sun, 01 Nov 2026 08:15 PM (IST)
Updated Date: Mon, 02 Nov 2026 04:05 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਚੱਲ ਰਹੀ ‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਇੱਕ ਸ਼ਾਨਦਾਰ ਉਤਸਵ ਦਾ ਰੂਪ ਧਾਰ ਗਈ ਹੈ, ਜਿਸ ਦਾ ਸਿਹਰਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਕੀਤੇ ਗਏ ਬਿਹਤਰੀਨ ਪ੍ਰਬੰਧਾਂ ਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਜਾਂਦਾ ਹੈ। ਹਰੇ-ਭਰੇ ਆਲੇ-ਦੁਆਲੇ, ਰੌਣਕ ਭਰੇ ਮਾਹੌਲ ਤੇ ਆਧੁਨਿਕ ਸਹੂਲਤਾਂ ਨੇ ਇਸ ਖੇਤਰ ਦੇ ਸਭ ਤੋਂ ਵੱਡੇ ਖੇਡ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਆਯੋਜਨ ’ਚ ਤਬਦੀਲ ਕਰ ਦਿੱਤਾ ਹੈ। ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਪ੍ਰਸ਼ਾਸਨ ਵੱਲੋਂ ਸਟੇਡੀਅਮ ਦੇ ਨੇੜੇ ਵਿਸ਼ਾਲ ਜਨਤਕ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਨਾਲ ਹੀ ਖਾਣ-ਪੀਣ ਲਈ ਵਧੀਆ ਫੂਡ ਕੋਰਟ ਵੀ ਸਥਾਪਤ ਕੀਤੇ ਗਏ ਹਨ। ਇੱਥੇ ਦਰਸ਼ਕ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਲੈਣ ਦੇ ਨਾਲ-ਨਾਲ ਬਾਹਰ ਲੱਗੀਆਂ ਵੱਡੀਆਂ ਐੱਲਈਡੀ ਸਕਰੀਨਾਂ ਤੇ ਹਾਕੀ ਦੇ ਲਾਈਵ ਮੁਕਾਬਲਿਆਂ ਦਾ ਆਨੰਦ ਵੀ ਲੈ ਰਹੇ ਹਨ। ਰਾਤ ਹੁੰਦਿਆਂ ਹੀ ਸਟੇਡੀਅਮ ਸਜਾਵਟੀ ਲਾਈਟਾਂ ਨਾਲ ਜਗਮਗਾ ਉੱਠਦਾ ਹੈ, ਜੋ ਕਿ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਲਈ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। 27 ਅਕਤੂਬਰ ਤੋਂ ਸ਼ੁਰੂ ਹੋਈ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦੌਰਾਨ ਹਰ ਦਿਨ ਦਰਸ਼ਕਾਂ ਦੀ ਭਾਰੀ ਆਮਦ ਨਾਲ ਖਚਾਖਚ ਭਰਿਆ ਸਟੇਡੀਅਮ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਰਕਾਰ ਵੱਲੋਂ ਜਨਤਾ ਦੀ ਫਰੀ ਐਂਟਰੀ ਹੋਣ ਕਾਰਨ ਕੋਈ ਵੀ ਹਾਕੀ ਪ੍ਰੇਮੀ ਮੈਚ ਦੇਖਣ ਤੋਂ ਵਾਂਝਾ ਨਹੀਂ ਰਿਹਾ। ਦਰਸ਼ਕਾਂ ਤੇ ਮੌਜੂਦਗੀ ’ਚ ਟੀਮਾਂ ਵੀ ਉਤਸਾਹਿਤ ਹੋ ਕੇ ਖੇਡਦੀਆਂ ਹਨ ਤੇ ਖੇਡ ਪ੍ਰੇਮੀਆਂ ਲਈ ਮੈਚ ਰੋਮਾਂਚਕ ਹੋ ਜਾਂਦਾ ਹੈ।