ਪੰਜਾਬ ਸਰਕਾਰ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਜੋੜਨ ਦਾ ਉਪਰਾਲਾ ਕੀਤਾ : ਟੀਨੂੰ ਆਦਮਪੁਰ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡ੍ਰੋਨ ਸ਼ੋਅ ਦੀ ਸ਼ਾਨਦਾਰ ਪੇਸ਼ਕਾਰੀ
Publish Date: Mon, 12 Oct 2026 10:01 PM (IST)
Updated Date: Mon, 12 Oct 2026 10:02 PM (IST)
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡ੍ਰੋਨ ਸ਼ੋਅ ਦੀ ਸ਼ਾਨਦਾਰ ਪੇਸ਼ਕਾਰੀ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਸੋਮਵਾਰ ਨੂੰ ਆਦਮਪੁਰ ਵਿਖੇ ਸ਼ਾਨਦਾਰ ਡ੍ਰੋਨ ਸ਼ੋਅ ਕਰਵਾਇਆ ਗਿਆ। ਦੁਸਹਿਰਾ ਗਰਾਊਂਡ ਵਿਖੇ ਕਰਵਾਏ ਗਏ ਇਸ ਸ਼ੋਅ ਦੌਰਾਨ 500 ਡ੍ਰੋਨਾਂ ਨੇ ਇਕ ਸਾਰ ਆਸਾਮਾਨ ਵਿੱਚ ਉੱਡਦਿਆਂ ਵੱਖ-ਵੱਖ ਆਕ੍ਰਿਤੀਆਂ ਸਿਰਜ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫ਼ਲਸਫੇ ਅਤੇ ਮਹਾਨ ਵਿਚਾਰਧਾਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਇਸ ਮੌਕੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ ਅਤੇ ਸੰਤ ਪ੍ਰਦੀਪ ਦਾਸ ਜੀ ਮਹਾਰਾਜ (ਕਠਾਰ ਵਾਲੇ) ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡ੍ਰੋਨ ਸ਼ੋਅ ਰਾਹੀਂ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਮਹਾਨ ਸਿੱਖਿਆਵਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਧੁਨਿਕ ਤਕਨੀਕ ਅਤੇ ਰੌਸ਼ਨੀ ਦੇ ਸੁਮੇਲ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਹੈ। ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਸ਼ਰਧਾ ਤੇ ਵੱਡੇ ਪੱਧਰ ’ਤੇ ਮਨਾਉਣ ਲਈ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕੀਰਤਨ ਦਰਬਾਰ, ਵਿੱਦਿਅਕ ਸੰਸਥਾਵਾਂ ਵਿੱਚ ਸੈਮੀਨਾਰ, ਵਿਸ਼ੇਸ਼ ਵੈਨਾਂ ਰਾਹੀਂ ਡਾਕੂਮੈਂਟਰੀ ਦਾ ਪ੍ਰਦਰਸ਼ਨ, ਮੈਰਾਥਨ ਅਤੇ ਹੋਰ ਉਪਰਾਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗੁਰੂ ਜੀ ਦੀ ਬਾਣੀ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਡੇਰਾ ਸੱਚਖੰਡ ਬੱਲਾਂ ਨੇੜੇ 10 ਏਕੜ ਤੋਂ ਵੱਧ ਰਕਬੇ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸੰਤ ਬਾਬਾ ਕੇਵਲ ਸਿੰਘ, ਸੰਤ ਬਾਬਾ ਨਰੇਸ਼ ਸਿੰਘ, ਸੰਤ ਬਾਬਾ ਸੁਖਦੇਵ ਸਿੰਘ, ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਦੀਪਕ ਸਿੰਘ ਵੱਲੋਂ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਤੋਂ ਇਲਾਵਾ ਵੱਡੀ ਗਿਣਤੀ ਸੰਗਤ ਵੀ ਮੌਜੂਦ ਸੀ।