ਖ਼ਾਲਸਾ ਕਾਲਜ ’ਚ ਵਿਦਿਆਰਥੀਆਂ ਨੂੰ ਵੰਡਿਆ ਵਜ਼ੀਫ਼ਾ
ਲਾਇਲਪੁਰ ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਸ਼ੇਸ਼ ਸਕਾਲਰਸ਼ਿਪ
Publish Date: Wed, 25 Mar 2026 06:44 PM (IST)
Updated Date: Wed, 25 Mar 2026 06:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵੱਲੋਂ ਪੜ੍ਹਾਈ, ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ’ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਖਾਸ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉੱਥੇ ਵੱਡੀ ਪੱਧਰ ’ਤੇ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ’ਚ ਲਾਇਲਪੁਰ ਖ਼ਾਲਸਾ ਕਾਲਜ ’ਚ “ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ” ਵੱਲੋਂ ਇਕ ਲੱਖ ਰੁਪਏ ਦੀ ਸਕਾਲਰਸ਼ਿਪ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ। ਸਕਾਲਰਸ਼ਿਪ ਦੀ ਇਹ ਰਾਸ਼ੀ ਹਰ ਸਾਲ ਜਸਵੰਤ ਸਿੰਘ ਰਾਏ ਦੇ ਸਪੁੱਤਰ ਕੇਐੱਸ ਰਾਏ ਵੱਲੋਂ ਕਾਲਜ ਨੂੰ ਭੇਟ ਕੀਤੀ ਜਾਂਦੀ ਰਹੀ ਸੀ, ਹੁਣ ਉਨ੍ਹਾਂ ਦੇ ਸਵਰਗਵਾਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਅਮਰਜੀਤ ਸਿੰਘ ਰਾਏ ਵਿਸ਼ੇਸ਼ ਤੌਰ ’ਤੇ ਇਹ ਸ਼ਕਾਲਰਸ਼ਿਪ ਦੇ ਰਹੇ ਹਨ। ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ‘ਜਸਵੰਤ ਸਿੰਘ ਰਾਏ ਮੈਮੋਰੀਅਲ ਪਬਲਿਕ ਚੈਰੀਟੇਬਲ ਟਰੱਸਟ’ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉੱਥੇ ਅਗਾਂਹ ਪੜ੍ਹਨ ਤੇ ਅੱਗੇ ਵੱਧਣ ਲਈ ਉਤਸ਼ਾਹ ਮਿਲਦਾ ਹੈ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਵੱਲੋਂ ਇਕ ਲੱਖ ਰੁਪਏ ਦੇ ਚੈੱਕ ਕਾਲਜ ਦੇ ਵਿਦਿਆਰਥੀਆਂ ਭੂਮਿਕਾ, ਨੇਹਾ, ਪੂਨਮਜੀਤ ਕੌਰ, ਪਰਵੀਨ, ਸਿਮਰਨ ਕੱਕੜ, ਨਿਧੀ ਸ਼ਰਮਾ, ਅਨੁਰਾਗ, ਅਰਸ਼ਪ੍ਰੀਤ ਕੌਰ, ਹਰਮਨਪ੍ਰੀਤ ਕੌਰ ਤੇ ਚਰਨਪ੍ਰੀਤ ਭਰਦਵਾਜ ਨੂੰ ਦਿੱਤੇ ਗਏ। ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ਅਜਿਹਾ ਕਾਰਜ, ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਸਥਾ ਪਿਛਲੇ ਕਾਫੀ ਸਾਲਾਂ ਤੋਂ ਕਾਲਜ ਦੇ ਜ਼ਰੂਰਤਮੰਤ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਆਪਣੇ ਉਜਲੇ ਭਵਿੱਖ ਲਈ ਵੱਧ ਤੋਂ ਵੱਧ ਮਿਹਨਤ ਕਰਨ ਤੇ ਦੂਸਰੇ ਵਿਦਿਆਰਥੀਆਂ ਲਈ ਇਕ ਮਿਸਾਲ ਬਣਨ। ਪ੍ਰੋਗਰਾਮ ਦੌਰਾਨ ਕੰਵਰ ਸੁਖਜੀਤ ਸਿੰਘ (ਦਫਤਰ ਸੁਪਰਡੈਂਟ) ਵੀ ਹਾਜ਼ਰ ਸਨ।