ਸਪੈਸ਼ਲ ਓਲੰਪਿਕਸ ਤੈਰਾਕ ਅਟਵਾਲ ਨੂੰ ਡੀਸੀ ਨੇ ਕੀਤਾ ਸਨਮਾਨਿਤ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
Publish Date: Fri, 10 Jul 2026 07:54 PM (IST)
Updated Date: Fri, 10 Jul 2026 07:57 PM (IST)
ਕਿਹਾ-ਦ੍ਰਿੜ ਇਰਾਦੇ ਤੇ ਹਿੰਮਤ ਦੇ ਸਾਹਮਣੇ ਕੋਈ ਰੁਕਾਵਟ ਵੱਡੀ ਨਹੀਂ ਹੁੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਸ਼ੁੱਕਰਵਾਰ ਨੂੰ ਸ਼ਹਿਰ ਦੇ ਰਹਿਣ ਵਾਲੇ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਉਸ ਦੀਆਂ ਸੂਬਾ ਅਤੇ ਕੌਮੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਤੈਰਾਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵਿਕ ਵਰਗੇ ਖਿਡਾਰੀ ਆਪਣੀ ਮਿਹਨਤ ਅਤੇ ਹੌਸਲੇ ਸਦਕਾ ਸਮੁੱਚੇ ਸਮਾਜ ਲਈ ਮਿਸਾਲ ਹਨ। ਇਸ ਪ੍ਰਤਿਭਾਵਾਨ ਤੈਰਾਕ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਹਿੰਮਤ ਦੇ ਸਾਹਮਣੇ ਕੋਈ ਰੁਕਾਵਟ ਵੱਡੀ ਨਹੀਂ ਹੁੰਦੀ। ਭਾਵਿਕ ਨੇ ਆਪਣੀ ਪ੍ਰਤਿਭਾ ਤੇ ਮਿਹਨਤ ਨਾਲ ਨਾ ਸਿਰਫ਼ ਆਪਣੇ ਮਾਪਿਆਂ ਤੇ ਜ਼ਿਲ੍ਹੇ ਦੇ ਨਾਂ ਰੋਸ਼ਨ ਕੀਤਾ ਹੈ, ਸਗੋਂ ਹੋਰਨਾਂ ਵਿਸ਼ੇਸ਼ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਹੈ। ਉਨ੍ਹਾਂ ਭਾਵਿਕ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਪਿੱਛੇ ਮਾਪਿਆਂ ਦੇ ਸਮਰਪਣ, ਹੌਸਲਾ ਅਫਜ਼ਾਈ ਅਤੇ ਨਿਰੰਤਰ ਸਹਿਯੋਗ ਦੀ ਅਹਿਮ ਭੂਮਿਕਾ ਹੁੰਦੀ ਹੈ। ਭਾਵਿਕ ਅਟਵਾਲ ਨੇ ਸਪੈਸ਼ਲ ਓਲੰਪਿਕਸ ਸਵਿਮਿੰਗ ਨੈਸ਼ਨਲਜ਼-2024 (ਮੰਡਿਆ, ਕਰਨਾਟਕ) ਵਿਚ 25 ਮੀਟਰ ਫ੍ਰੀਸਟਾਈਲ ਵਿੱਚ ਸੋਨਾ ਦਾ ਮੈਡਲ, 50 ਮੀਟਰ ਫ੍ਰੀਸਟਾਈਲ ਵਿੱਚ ਕਾਂਸੇ ਦਾ ਮੈਡਲ ਅਤੇ 25×4 ਮੀਟਰ ਫ੍ਰੀਸਟਾਈਲ ਰਿਲੇਅ ਵਿੱਚ ਕਾਂਸੇ ਦਾ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਸਪੈਸ਼ਲ ਓਲੰਪਿਕਸ ਭਾਰਤ ਨੈਸ਼ਨਲ ਚੈਂਪੀਅਨਸ਼ਿਪ-2016 (ਮੁੰਬਈ) ਵਿੱਚ 25 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਮੈਡਲ ਤੇ ਸਪੈਸ਼ਲ ਓਲੰਪਿਕਸ ਪੰਜਾਬ-2017 (ਪਟਿਆਲਾ) ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਚਾਂਦੀ ਦੇ ਮੈਡਲ ਜਿੱਤੇ ਹਨ। ਹਾਲ ਹੀ ਵਿੱਚ ਭਾਵਿਕ ਨੇ ਇਕ ਹੋਰ ਤੈਰਾਕੀ ਮੁਕਾਬਲੇ ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਸੋਨਾ ਦੇ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਤਿਭਾ ਦਾ ਮੁੜ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ, ਪੰਜਾਬ ਸਰਕਾਰ ਵੱਲੋਂ ਉਸ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਹਾਲ ਹੀ ਵਿੱਚ 1.35 ਲੱਖ ਰੁਪਏ ਖੇਡ ਪ੍ਰੋਤਸਾਹਨ ਵਜੋਂ ਪ੍ਰਦਾਨ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੀਆਂ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਰਾਜੀਵ ਦਿਵੇਦੀ, ਸਕੱਤਰ ਪੂਨਮ, ਭਾਵਿਕ ਅਟਵਾਲ ਦੇ ਪਿਤਾ ਵਿਕਰਮ ਅਟਵਾਲ, ਮਾਤਾ ਸਾਕਸ਼ੀ ਅਟਵਾਲ ਤੇ ਭਰਾ ਸੌਰਵ ਅਟਵਾਲ ਅਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਵੀ ਮੌਜੂਦ ਸਨ।