ਗੁਰੂ ਰਵਿਦਾਸ ਸਾਧੂ ਸੰਪਰਦਾਇ ਦੇ ਸੰਤ ਸਮਾਜ ਦੀ ਵਿਸ਼ੇਸ਼ ਮੀਟਿੰਗ
ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਦੇ ਸੰਤ ਸਮਾਜ ਦੀ ਵਿਸ਼ੇਸ਼ ਮੀਟਿੰਗ
Publish Date: Sun, 18 Jan 2026 06:39 PM (IST)
Updated Date: Mon, 19 Jan 2026 04:15 AM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਬਾਬੇ ਜੋੜੇ, ਰਾਏਪੁਰ ਰਸੂਲਪੁਰ (ਜ਼ਿਲ੍ਹਾ ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤ ਸਮਾਜ ਦੀ ਇਕ ਵਿਸ਼ੇਸ਼ ਮੀਟਿੰਗ ਕਰਵਾਈ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਡੇਰਾ ਸਾਹਿਬ ਵਿਖੇ ਨਤਮਸਤਕ ਹੋਏ। ਮੀਟਿੰਗ ਦੌਰਾਨ ਸੰਤ ਮਹਾਂਪੁਰਸ਼ਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵੱਲੋਂ ਖਰੀਦੀ ਗਈ 36 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੰਤਾਂ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਸੰਗਤਾਂ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਬੇਗਮਪੁਰਾ ਸਦਨ ਲਈ ਖਰੀਦੀ ਜ਼ਮੀਨ ਦੇ ਮਾਮਲੇ ’ਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਇਸ ਸਬੰਧੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸੰਤ ਸਮਾਜ ਨੂੰ ਭਰੋਸਾ ਦਿਵਾਇਆ ਕਿ ਉਹ ਜ਼ਿਲ੍ਹਾ ਹੁਸ਼ਿਆਰਪੁਰ ਤੇ ਜ਼ਿਲ੍ਹਾ ਰੋਪੜ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਦਖ਼ਲ ਦੇ ਕੇ ਸਹੀ ਨਿਸ਼ਾਨਦੇਹੀ ਕਰਵਾਉਣ ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੂੰ ਖਰੀਦੀ ਗਈ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਲੋੜੀਂਦੇ ਕਦਮ ਚੁੱਕਣਗੇ। ਇਸ ਮੌਕੇ ਸੰਤ ਬਾਬਾ ਸਰਵਣ ਦਾਸ ਜੀ ਬੋਹਣ, ਸੰਤ ਬਾਬਾ ਨਿਰਮਲ ਦਾਸ ਜੀ, ਸੰਤ ਇੰਦਰ ਦਾਸ ਜੀ ਸ਼ੇਖੇ, ਸੰਤ ਪਰਮਜੀਤ ਦਾਸ ਜੀ, ਸੰਤ ਰਮੇਸ਼ ਦਾਸ ਜੀ, ਸੰਤ ਜਗੀਰ ਸਿੰਘ ਜੀ, ਸੰਤ ਬਲਵੰਤ ਸਿੰਘ ਡਿਗਰੀਆਂ, ਸੰਤ ਧਰਮਪਾਲ ਜੀ, ਸੰਤ ਬੀਬੀ ਕੁਲਦੀਪ ਕੌਰ, ਸੰਤ ਬੀਬੀ ਕਮਲੇਸ਼ ਕੌਰ, ਸੰਤ ਬਲਕਾਰ ਸਿੰਘ, ਸੰਤ ਮਨਜੀਤ ਦਾਸ ਜੀ ਸਮੇਤ ਕਈ ਧਾਰਮਿਕ, ਸਮਾਜਿਕ ਆਗੂ ਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ। ਅੰਤ ’ਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੇ ਗੁਰਲਾਲ ਸੈਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।