ਸੰਸਦ ਮੈਂਬਰ (ਕੈਲਗਰੀ, ਕੈਨੇਡਾ) ਦਲਵਿੰਦਰ ਗਿੱਲ ਦਾ ਵਿਸ਼ੇਸ਼ ਸਨਮਾਨ
ਲਾਇਲਪੁਰ ਖਾਲਸਾ ਕਾਲਜ ਦੇ ਵਿਹੜੇ ’ਚ ਪੁਰਾਣੇ ਵਿਦਿਆਰਥੀ ਤੇ ਮੌਜੂਦ ਸੰਸਦ ਮੈਂਬਰ (ਕੇਲੈਗਰੀ, ਕੈਨੇਡਾ) ਦਲਵਿੰਦਰ ਗਿੱਲ ਦਾ ਵਿਸ਼ੇਸ਼ ਸਨਮਾਨ
Publish Date: Mon, 16 Feb 2026 06:45 PM (IST)
Updated Date: Mon, 16 Feb 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਇਤਿਹਾਸਕ ਪਲਾਂ ’ਚ ਉਸ ਸਮੇਂ ਹੋਰ ਵੀ ਚਮਕ ਆ ਗਈ ਜਦੋਂ ਕਾਲਜ ਦੇ ਪੁਰਾਤਨ ਵਿਦਿਆਰਥੀ ਤੇ ਕੈਨੇਡਾ ਦੇ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਦਲਵਿੰਦਰ ਗਿੱਲ ਉਚੇਚੇ ਤੌਰ ’ਤੇ ਕਾਲਜ ਪਹੁੰਚੇ। ਉਨ੍ਹਾਂ ਦਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਜਸਪਾਲ ਸਿੰਘ ਬੜੈਚ, ਮੀਤ ਪ੍ਰਧਾਨ ਦੀਪਇੰਦਰ ਸਿੰਘ ਪੁਰੇਵਾਲ, ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਤੇ ਸਾਬਕਾ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਸਮੇਤ ਸਮੂਹ ਵਿਭਾਗ ਮੁਖੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਤੇ ਲੋਈ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਬਲਬੀਰ ਕੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਹੋਣਹਾਰ ਵਿਦਿਆਰਥੀ ਸੰਸਥਾ ਦਾ ਨਾਮ ਵਿਸ਼ਵ ਪੱਧਰ ’ਤੇ ਰੋਸ਼ਨ ਕਰਦੇ ਹਨ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਦਲਵਿੰਦਰ ਗਿੱਲ ਨੇ 1992-94 ਦੌਰਾਨ ਇਸੇ ਕਾਲਜ ਤੋਂ ਐੱਮਐੱਸਸੀ ਗਣਿਤ ਦੀ ਡਿਗਰੀ ਪ੍ਰਾਪਤ ਕੀਤੀ ਤੇ ਵਿਦਿਆਰਥੀ ਜੀਵਨ ਦੌਰਾਨ ਉਹ ਸੁਹਿਰਦ ਤੇ ਅਨੁਸ਼ਾਸਿਤ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਤੇ ਪਾਰਦਰਸ਼ਤਾ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਹੈ। ਦਲਵਿੰਦਰ ਗਿੱਲ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ, ਉਹ ਕਾਲਜ ਦੀ ਦੇਣ ਹੈ। ਉਨ੍ਹਾਂ ਕਾਲਜ ਪ੍ਰਤੀ ਆਪਣੀ ਕ੍ਰਿਤਗਤਾ ਜਤਾਈ। ਇਸ ਮੌਕੇ ਕੈਨੇਡੀਅਨ ਸੰਸਦ ਮੈਂਬਰ ਜਸਰਾਜ ਸਿੰਘ ਹਾਲਨ ਦੀ ਹਾਜ਼ਰੀ ਵੀ ਨਿਰਧਾਰਤ ਸੀ, ਪਰ ਕਿਸੇ ਕਾਰਨ ਉਹ ਸ਼ਾਮਲ ਨਾ ਹੋ ਸਕੇ ਤੇ ਉਨ੍ਹਾਂ ਦਾ ਸਨਮਾਨ ਦਲਵਿੰਦਰ ਗਿੱਲ ਨੂੰ ਸੌਂਪਿਆ ਗਿਆ। ਕਾਰਜਕ੍ਰਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀ, ਪ੍ਰੋਫੈਸਰ, ਨਾਨ-ਟੀਚਿੰਗ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜੂਦ ਰਹੇ। ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਨੇ ਸੁਚੱਜੇ ਢੰਗ ਨਾਲ ਨਿਭਾਈ। ਬਾਅਦ ’ਚ ਦਲਵਿੰਦਰ ਗਿੱਲ, ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਤੇ ਮੀਤ ਪ੍ਰਧਾਨ ਦੀਪਇੰਦਰ ਸਿੰਘ ਪੁਰੇਵਾਲ ਸਮੇਤ ਸਮੂਹ ਹਾਜ਼ਰੀਨ ਕਾਲਜ ਗੁਰਦੁਆਰਾ ਸਾਹਿਬ ’ਚ ਨਤਮਸਤਕ ਹੋਏ ਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।