ਡੂਨ ਵਰਲਡ ਸਕੂਲ ’ਚ ਲੱਗਾ ਸਿਹਤ ਜਾਂਚ ਕੈਂਪ ਡੂਨ ਵਰਲਡ ਸਕੂਲ ਮਲਸੀਆਂ ਵਿਖੇ ਲਗਾਇਆ ਵਿਸ਼ੇਸ਼ ਸਿਹਤ ਜਾਂਚ ਕੈਂਪ
Publish Date: Wed, 26 Aug 2026 07:22 PM (IST)
Updated Date: Wed, 26 Aug 2026 07:25 PM (IST)
-ਸਿਹਤਮੰਦ ਸਰੀਰ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਦੀ ਨੀਂਹ : ਐੱਮਡੀ ਦਾਨੀਆ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਡੂਨ ਵਰਲਡ ਸਕੂਲ ਮਲਸੀਆਂ ਵਿਖੇ ਵਿਦਿਆਰਥੀਆਂ ਦੀ ਤੰਦਰੁਸਤੀ ਤੇ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਵਿਸ਼ੇਸ਼ ਦੰਦਾਂ ਅਤੇ ਜਨਰਲ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰ ਕਮਲਪ੍ਰੀਤ ਸਿੰਘ ਜੰਮੂ ਨੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਦੀ ਦੰਦਾਂ ਦੀ ਸਿਹਤ ਦੀ ਬਰੀਕੀ ਨਾਲ ਜਾਂਚ ਕੀਤੀ। ਡਾਕਟਰਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦੇ ਕੱਦ ਅਤੇ ਵਜ਼ਨ ਦੀ ਪੈਮਾਇਸ਼ ਸਮੇਤ ਮੁਕੰਮਲ ਸਰੀਰਕ ਚੈੱਕਅਪ ਕੀਤਾ ਗਿਆ। ਜਾਂਚ ਦੌਰਾਨ ਹਰੇਕ ਬੱਚੇ ਦੀ ਵਿਅਕਤੀਗਤ ਸਿਹਤ ਰਿਪੋਰਟ ਤਿਆਰ ਕੀਤੀ ਗਈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀਆਂ ਨੇ ਕਿਹਾ ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੀ ਸਰੀਰਕ ਤੰਦਰੁਸਤੀ ਅਤੇ ਸਾਫ਼-ਸਫ਼ਾਈ ਵੱਲ ਧਿਆਨ ਦੇਣਾ ਸਕੂਲ ਪ੍ਰਬੰਧਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਦਾ ਵਾਸ ਹੁੰਦਾ ਹੈ, ਜੋ ਬੱਚਿਆਂ ਨੂੰ ਅਕਾਦਮਿਕ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਂਦਾ ਹੈ। ਪ੍ਰਿੰਸੀਪਲ ਅਰਸ਼ਦੀਪ ਕੌਰ ਘੁੰਮਣ ਨੇ ਡਾ. ਕਮਲਪ੍ਰੀਤ ਸਿੰਘ ਜੰਮੂ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਕੈਂਪ ਵਿਦਿਆਰਥੀਆਂ ਵਿਚ ਚੰਗੀਆਂ ਆਦਤਾਂ, ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੇਹੱਦ ਲਾਹੇਵੰਦ ਸਾਬਤ ਹੁੰਦੇ ਹਨ। ਕੈਂਪ ਨੂੰ ਸਫ਼ਲ ਬਣਾਉਣ ’ਚ ਸਕੂਲ ਸਟਾਫ਼ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।