ਜੇਲ੍ਹ ’ਚ ਲਗਾਈ ਗਈ ਵਿਸ਼ੇਸ਼ ਕੈਂਪ ਕੋਰਟ ਜੇਲ੍ਹ ’ਚ ਲਗਾਈ ਗਈ ਵਿਸ਼ੇਸ਼ ਕੈਂਪ ਕੋਰਟ
Publish Date: Fri, 14 Aug 2026 07:20 PM (IST)
Updated Date: Fri, 14 Aug 2026 07:20 PM (IST)
ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪ੍ਰਿਆ ਸੂਦ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ) ਦੀ ਰਹਿਨੁਮਾਈ ਹੇਠ ਕੇਂਦਰੀ ਜੇਲ੍ਹ, ਕਪੂਰਥਲਾ ’ਚ ਇਕ ਵਿਸ਼ੇਸ਼ ਕੈਂਪ ਕੋਰਟ ਲਗਾਈ ਗਈ। ਇਹ ਕੈਂਪ ਕੋਰਟ ਰਾਹੁਲ ਕੁਮਾਰ, ਮੁੱਖ ਨਿਆਇਕ ਮੈਜਿਸਟ੍ਰੇਟ-ਕਮ-ਸਕੱਤਰ, ਡੀਐੱਲਐੱਸਏ ਵੱਲੋਂ ਲਗਾਈ ਗਈ। ਕਾਰਵਾਈ ਦੌਰਾਨ ਹਵਾਲਾਤੀ ਕੈਦੀਆਂ ਦੇ ਛੋਟੇ-ਮੋਟੇ ਅਪਰਾਧਾਂ ਤੇ ਬਕਾਇਆ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ। ਤੇਜ਼ੀ ਨਾਲ ਇਨਸਾਫ਼ ਦਿਵਾਉਣ ਤੇ ਜੇਲ੍ਹਾਂ ’ਚ ਭੀੜ ਘਟਾਉਣ ਦੇ ਅਸਲ ਮਕਸਦ ਨੂੰ ਦਰਸਾਉਂਦੇ ਹੋਏ 9 ਕੈਦੀਆਂ/ਹਵਾਲਾਤੀਆਂ ਵੱਲੋਂ ਛੋਟੇ-ਮੋਟੇ ਅਪਰਾਧਾਂ ’ਚ ਸਵੈ-ਇੱਛਾ ਨਾਲ ਆਪਣਾ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਬੋਲਦਿਆਂ ਰਾਹੁਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਅੰਦਰ ਅਜਿਹੀਆਂ ਕੈਂਪ ਕੋਰਟਾਂ ਕਰਵਾਉਣ ਦਾ ਮੁੱਖ ਉਦੇਸ਼ ਇਨਸਾਫ਼ ਤੱਕ ਛੇਤੀ ਪਹੁੰਚ ਯਕੀਨੀ ਬਣਾਉਣਾ, ਛੋਟੇ-ਮੋਟੇ ਅਪਰਾਧਾਂ ਲਈ ਦਫ਼ਤਰੀ ਦੇਰੀ ਨੂੰ ਘਟਾਉਣਾ ਤੇ ਆਪਣਾ ਦੋਸ਼ ਮੰਨਣ ਲਈ ਤਿਆਰ ਹਵਾਲਾਤੀਆਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨਾ ਹੈ। ਜੇਲ੍ਹ ਦੌਰੇ ਦੌਰਾਨ ਡੀਐੱਲਐੱਸਏ ਦੇ ਸਕੱਤਰ ਨੇ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਰਹਿਣ-ਸਹਿਣ ਦੀਆਂ ਸਥਿਤੀਆਂ, ਰਸੋਈ ਦੀਆਂ ਸੁਵਿਧਾਵਾਂ, ਮੈਡੀਕਲ ਦੇਖਭਾਲ ਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਕਈ ਕੈਦੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ ਤਹਿਤ ਮਿਲਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਉਨ੍ਹਾਂ ਦੇ ਮੌਲਿਕ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਕੈਦੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਾਨੂੰਨੀ ਨੁਮਾਇੰਦਗੀ ਦੀ ਘਾਟ ਕਾਰਨ ਕਿਸੇ ਵੀ ਕੈਦੀ ਨੂੰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਕੈਂਪ ਕੋਰਟ ਦੀ ਸੁਚਾਰੂ ਕਾਰਵਾਈ ਦੌਰਾਨ ਸੀਨੀਅਰ ਜੇਲ੍ਹ ਅਧਿਕਾਰੀ, ਵਕੀਲ ਤੇ ਡੀਐੱਲਐੱਸਏ ਦਾ ਸਟਾਫ਼ ਮੌਜੂਦ ਸੀ।