- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀ ਦੇ ਵਿਆਹੁਤਾ ਵਿਵਾਦ ਨੂੰ ਲੈ ਕੇ ਹਿੰਸਕ ਝੜਪ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਹੁਸ਼ਿਆਰਪੁਰ ਰੋਡ ਨੇੜੇ 3-ਸਟਾਰ ਕਾਲੋਨੀ ’ਚ ਇਕ ਜਵਾਈ ਆਪਣੇ ਤਿੰਨ ਸਾਥੀਆਂ ਨਾਲ ਸਹੁਰੇ ਘਰ ਪਹੁੰਚਿਆ। ਇਕ ਵਾਹਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਗੋਲੀਬਾਰੀ ਤੱਕ ਪਹੁੰਚ ਗਿਆ। ਜਵਾਈ ਤੇ ਉਸਦੇ ਸਾਥੀਆਂ ਨੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਕਾਂਗਰਸੀ ਆਗੂ ਤੇ ਪ੍ਰਾਪਰਟੀ ਕਾਰੋਬਾਰੀ ਈਸ਼ਵਰ ਸਿੰਘ ਦੇ ਹੱਥ ’ਚ ਗੋਲੀ ਲੱਗ ਗਈ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਈਸ਼ਵਰ ਸਿੰਘ ਦੀ ਧੀ ਦਾ ਆਪਣੇ ਪਤੀ ਮਨਦੀਪ ਸਿੰਘ 'ਗਿੰਨੀ' ਵਾਸੀ ਰਈਆ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਮਨਦੀਪ ਸਿੰਘ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕਰਦਾ ਸੀ ਤੇ ਕਈ ਵਾਰ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਦੋ ਦਿਨ ਪਹਿਲਾਂ ਇਕ ਹੋਰ ਝਗੜੇ ਤੋਂ ਬਾਅਦ ਧੀ ਨੂੰ ਉਸਦੇ ਸਹੁਰੇ ਘਰੋਂ ਕੱਢ ਦਿੱਤਾ ਗਿਆ ਸੀ।
--------------------------
ਦੋਸਤ ਦੀ ਗੱਡੀ ਵਾਪਸ ਕਰਨ ਨੂੰ ਲੈ ਕੇ ਵਿਵਾਦ
ਈਸ਼ਵਰ ਸਿੰਘ ਦੇ ਪੁੱਤਰ ਗਗਨਦੀਪ ਨੇ ਦੱਸਿਆ ਕਿ ਉਸਦੇ ਜੀਜਾ ਮਨਦੀਪ ਸਿੰਘ ਕੋਲ ਗਗਨਦੀਪ ਦੇ ਇਕ ਦੋਸਤ ਦੀ ਗੱਡੀ ਸੀ। ਇਸ ਗੱਡੀ ਨੂੰ ਵਾਪਸ ਕਰਨ ਨੂੰ ਲੈ ਕੇ ਪਰਿਵਾਰ ਤੇ ਮਨਦੀਪ ਵਿਚਾਲੇ ਵਿਵਾਦ ਹੋ ਗਿਆ ਸੀ। ਈਸ਼ਵਰ ਸਿੰਘ ਨੇ ਮਨਦੀਪ ਨੂੰ ਘਰ ਬੁਲਾਇਆ ਤੇ ਗੱਡੀ ਵਾਪਸ ਲੈ ਲਈ। ਇਸ ਤੋਂ ਬਾਅਦ ਮਨਦੀਪ ਨੂੰ ਟੈਕਸੀ ਰਾਹੀਂ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮਨਦੀਪ ਨੇ ਪਰਿਵਾਰ ਦੀ ਗੱਡੀ ਵਾਪਸ ਮੰਗਣੀ ਸ਼ੁਰੂ ਕਰ ਦਿੱਤੀ। ਗਗਨਦੀਪ ਅਨੁਸਾਰ ਇਸ ਮੁੱਦੇ ਨੂੰ ਲੈ ਕੇ ਵਿਵਾਦ ਵਧ ਗਿਆ। ਮਨਦੀਪ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ। ਜਦੋਂ ਈਸ਼ਵਰ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਏ ਤਾਂ ਗੋਲੀਬਾਰੀ ਦੌਰਾਨ ਉਨ੍ਹਾਂ ਦੇ ਹੱਥ ’ਚ ਗੋਲੀ ਲੱਗ ਗਈ।
----------------------------
ਚਾਰ ਜਣਿਆਂ ਵਿਰੁੱਧ ਮਾਮਲਾ ਦਰਜ
ਐੱਸਐੱਚਓ ਨੇ ਦੱਸਿਆ ਕਿ ਪੁਲਿਸ ਨੂੰ ਰਾਤ ਕਰੀਬ 2:00 ਵਜੇ 3-ਸਟਾਰ ਕਾਲੋਨੀ ’ਚ ਗੋਲੀਬਾਰੀ ਬਾਰੇ ਸੂਚਨਾ ਮਿਲੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਈਸ਼ਵਰ ਸਿੰਘ ਦੀ ਧੀ ਤੇ ਉਸਦੇ ਪਤੀ ਮਨਦੀਪ ਸਿੰਘ ਵਿਚਕਾਰ ਘਰੇਲੂ ਵਿਵਾਦ ਚੱਲ ਰਿਹਾ ਸੀ। ਮਨਦੀਪ ਆਪਣੇ ਤਿੰਨ ਸਾਥੀਆਂ ਨਾਲ ਸਹੁਰੇ ਘਰ ਪੁੱਜਾ। ਇਸ ਦੌਰਾਨ ਗੋਲੀ ਲੱਗਣ ਕਾਰਨ ਈਸ਼ਵਰ ਸਿੰਘ ਜ਼ਖ਼ਮੀ ਹੋ ਗਏ। ਪੁਲਿਸ ਨੇ ਮਨਦੀਪ ਸਿੰਘ, ਸੰਦੀਪ ਸਿੰਘ, ਸਿਮਰਜੀਤ ਸਿੰਘ ਤੇ ਪੰਮਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ, ਘਟਨਾ ਤੋਂ ਬਾਅਦ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।