ਸ਼ਹਾਦਤ ਵਾਲੇ ਖੇਤਾਂ 'ਚ ਗੂੰਜੇ ਪਾਸ਼ ਦੇ ਗੀਤ ਕਵਿਤਾਵਾਂ ਸ਼ਹਾਦਤ ਵਾਲੇ ਖੇਤਾਂ 'ਚ ਗੂੰਜੇ ਪਾਸ਼ ਦੇ ਗੀਤ ਕਵਿਤਾਵਾਂ
Publish Date: Wed, 09 Sep 2026 09:54 PM (IST)
Updated Date: Wed, 09 Sep 2026 09:55 PM (IST)
-ਪਾਸ਼ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਤੋਂ ਪਾਸ਼ ਯਾਦਗਾਰੀ ਕੰਪਲੈਕਸ ਨੂੰ ਯਾਦਗਾਰ ਐਲਾਨਣ ਦੀ ਮੰਗ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ ਤੇ ਲੱਗੇ ਵਿਸ਼ਾਲ ਪੰਡਾਲ ਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ ਤੇ ਪਾਸ਼ ਦੇ ਗੀਤਾਂ ਕਵਿਤਾਵਾਂ ਦੀ ਗੂੰਜ ਪਈ। ਸਮਾਗਮ ਦੀ ਸਿਖਰ ਤੇ ਹੋਈ ਨਾਟਕ ਦੀ ਪੇਸ਼ਕਾਰੀ ਨਾਲ ਲਹੂ ਡੁਲੀ ਮਿੱਟੀ ’ਚੋਂ ਪਾਸ਼ ਦੇ ਅਮਰ ਹੋਣ ਦੀ ਧੁਨ ਗੂੰਜ ਉੱਠੀ। ਸਮਾਗਮ ਚ ਜੁੜੀ ਪੰਜਾਬ ਦੇ ਕਿਰਤੀ ਵਰਗਾਂ ਤੇ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ਾਲ ਇਕੱਤਰਤਾ ਨੂੰ ਅੱਧੀ ਦਰਜਨ ਤੋਂ ਉੱਪਰ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਬੋਧਨ ਕਰਨ ਵਾਲਿਆਂ ’ਚ ਪਾਸ਼ ਯਾਦਗਾਰੀ ਟ੍ਰਸਟ ਦੇ ਮੈਂਬਰ ਤੇ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਉੱਘੇ ਲੇਖਕ ਡਾ.ਸਵਰਾਜਬੀਰ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਮਾਸਟਰ ਰਜਿੰਦਰ ਭਦੌੜ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੀ ਮੈਂਬਰ ਡਾ ਅਰੀਤ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂ ਹਰਮੇਸ਼ ਮਾਲੜੀ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ ਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਸਭਨਾਂ ਬੁਲਾਰਿਆਂ ਨੇ ਜਿੱਥੇ ਪਾਸ਼ ਦੀ ਸਾਹਿਤਕ ਦੇਣ ਤੇ ਕਵਿਤਾ ਦੀ ਤਾਕਤ ਤੇ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ, ਉੱਥੇ ਨਾਲ ਹੀ ਉਨਾਂ ਨੇ ਪਾਸ਼ ਯਾਦਗਾਰੀ ਕੰਪਲੈਕਸ ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਭਨਾਂ ਬੁਲਾਰਿਆਂ ਨੇ ਇਕ ਸੁਰ ਹੋ ਕੇ ਕਿਹਾ ਕਿ ਪਾਸ਼ ਦੀ ਯਾਦ ਲੋਕ ਮਨਾਂ ਚ ਬਹੁਤ ਡੂੰਘੀ ਵੱਸਦੀ ਹੈ, ਇਸਨੂੰ ਮਿਟਾ ਸਕਣਾ ਅਸੰਭਵ ਹੈ। ਲੋਕ ਪਾਸ਼ ਦੀਆਂ ਯਾਦਾਂ ਨੂੰ ਬੁਲੰਦ ਕਰਦੇ ਚਿੰਨਾਂ ਨੂੰ ਮਿਟਾਉਣ ਦੀ ਤੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ। ਅੱਜ ਦੇ ਇਕੱਠ ਨੇ ਪਿੰਡ ਦੇ ਸਰਪੰਚ ਤੇ ਹਮਾਇਤੀਆਂ ਵੱਲੋਂ ਵਿਧਾਇਕ ਦੀ ਸ਼ਹਿ ਤੇ ਪਾਸ਼ ਯਾਦਗਾਰ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਤੇ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਯਾਦਗਾਰ ਐਲਾਨਣ ਦੀ ਕਾਨੂੰਨੀ ਪੇਸ਼ਬੰਦੀ ਕਰਨ ਦੀ ਮੰਗ ਕਰਦਾ ਮਤਾ ਪਾਸ ਕੀਤਾ। ਇਹ ਮਤਾ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ ਮੈਂਬਰ ਡਾ ਪਰਮਿੰਦਰ ਸਿੰਘ ਨੇ ਪੇਸ਼ ਕੀਤਾ। ਇਸ ਮਤੇ ’ਚ ਕਿਸਾਨ ਮਜ਼ਦੂਰ ਕਾਰਕੁੰਨਾਂ ਤੇ ਹਮਲਾ ਬੋਲਣ ਤੇ ਜਾਤੀ ਸੂਤਕ ਸ਼ਬਦ ਵਰਤਣ ਵਾਲੇ ਵਿਅਕਤੀਆਂ ਖਿਲਾਫ ਐੱਸਸੀ ਐਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ। ਉੱਘੇ ਕਵੀ ਸੁਰਜੀਤ ਜੱਜ ਤੇ ਪਾਸ਼ ਦੇ ਸੰਗੀ ਰਹੇ ਦੀਪ ਕਲੇਰ ਨੇ ਪਾਸ਼ ਦੀ ਯਾਦ ਨਾਲ ਜੁੜੀਆਂ ਨਜ਼ਮਾਂ ਪੇਸ਼ ਕੀਤੀਆਂ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ਚ ਹੋਏ ਸਮਾਗਮ ਦੀ ਸ਼ੁਰੂਆਤ ਪਾਸ਼ ਨਾਲ ਜੁੜੇ ਗੀਤਾਂ ਕਵਿਤਾਵਾਂ ਰਾਹੀਂ ਹੋਈ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ ਨੇ ਆਪਣੇ ਪਿਤਾ ਦਾ ਗੀਤ ਪੇਸ਼ ਕੀਤਾ। ਸਮਾਗਮ ਦੀ ਸਿਖਰ ਤੇ ਉੱਘੇ ਨਾਟਕਕਾਰ ਸਵਰਾਜਵੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਕੀਤਾ ਨਾਟਕ ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਅਸੀਂ ਲੜਾਂਗੇ ਸਾਥੀ ਪੇਸ਼ ਕੀਤਾ ਗਿਆ। ਪਾਸ਼ ਦੀਆਂ ਕਵਿਤਾਵਾਂ ਤੇ ਅਧਾਰਤ ਇਸ ਨਾਟਕ ਨੇ ਪਾਸ਼ ਦੀ ਅਜੋਕੇ ਦੌਰ ਅੰਦਰ ਪ੍ਰਸੰਗਕਿਤਾ ਦਾ ਕਲਾਮਈ ਦ੍ਰਿਸ਼ ਚਿਤਰ ਦਿੱਤਾ। ਇਸ ਨਾਟਕ ਨੇ ਸਮੁੱਚੇ ਇਕੱਠ ਨੂੰ ਆਪਣੇ ਨਾਲ ਜੋੜ ਲਿਆ। ਅੱਜ ਦੀ ਇਸ ਇਕੱਤਰਤਾ ਵਿੱਚ ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਤੇ ਆਗੂ ਅਤੇ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਪੁੱਜੇ ਹੋਏ ਸਨ।