
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਿਗਮ ਹਾਊਸ ਦੀ ਮੀਟਿੰਗ ’ਚ ਹੰਗਾਮੇ ਦੌਰਾਨ ਸਾਲਿਡਵੇਸਟ ਪ੍ਰਾਜੈਕਟ ਮੁਲਤਵੀ, ਮੇਅਰ ਨੇ ਖੁਦ ਹੀ ਏਜੰਡਾ ਪਾਸ ਦਾ ਕੀਤਾ ਐਲਾਨ

-ਨਿਗਮ ਇਤਿਹਾਸ ’ਚ ਪਹਿਲੀ ਵਾਰ ਮੇਅਰ ਨੇ ਬਿਨਾਂ ਕਿਸੇ ਚਰਚਾ ਦੇ ਏਜੰਡਾ ਪਾਸ ਕੀਤਾ
-ਲਵ ਰੋਬਿਨ ਕੌਸਲਰ ਨੇ ਚੱਲਦੀ ਮੀਟਿੰਗ ਨੂੰ ਹੰਗਾਮੇ ’ਚ ਬਦਲਿਆ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਹਾਊਸ ਦੀ ਹੰਗਾਮਾ ਪੂਰਨ ਮੀਟਿੰਗ ’ਚ ਸਾਲਿਡ ਵੇਸਟ ਪ੍ਰਾਜੈਕਟ ਦਾ ਮਤਾ ਨੰਬਰ 184 ਨੂੰ ਛੱਡ ਕੇ (ਪੈਂਡਿੰਗ) ਸਾਰਾ ਏਜੰਡਾ ਪਾਸ ਤੇ ਇਕ ਘੰਟਾ ਤੇ ਵੱਧ ਸਮਾਂ ਤਕ ਚੱਲੀ ਸ਼ਾਂਤ ਮਈ ਮੀਟਿੰਗ ਨੂੰ ਹੰਗਾਮੇ ਦਾ ਰੂਪ ਲਵ ਰੋਬਿਨ ਕੌਂਸਲਰ ਨੇ ਦਿੱਤਾ। ਇਸ ਹੰਗਾਮੇ ਦੌਰਾਨ ਜਦੋਂ ਹਾਊਸ ’ਚ ਆਪ ਪਾਰਟੀ ਤੇ ਕਾਂਗਰਸ ਦੇ ਕੌਂਸਲਰ ਬਹਿਸਬਾਜ਼ੀ ਕਰ ਰਹੇ ਸਨ ਤਾਂ ਮੇਅਰ ਨੇ ਕਈ ਵਾਰ ਵਾਰ ਉਨ੍ਹਾਂ ਨੂੰ ਬੈਠਣ ’ਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ, ਜਦੋਂ ਅਪੀਲ ਦਾ ਅਸਰ ਨਾ ਹੋਇਆ ਤਾਂ ਮੇਅਰ ਨੇ ਪਹਿਲਾਂ ਏਜੰਡਾ ਪੜ੍ਹਨ ਦੀ ਹਦਾਇਤ ਕੀਤੀ, ਜਦੋਂ ਰੌਲਾ ਸ਼ਾਂਤ ਨਾ ਹੋਇਆ ਤਾਂ ਮੇਅਰ ਨੇ ਖੁਦ ਹੀ ਏਜੰਡਾ ਫੜ ਕੇ ਮਤਾ ਨੰਬਰ 184 ਨੂੰ ਛੱਡ ਕੇ ਬਾਕੀ ਏਜੰਡਾ ਪਾਸ ਕਰਨ ਦਾ ਐਲਾਨ ਕਰ ਦਿੱਤਾ ਤੇ ਮੀਟਿੰਗ ਖਤਮ ਕਰ ਦਿੱਤੀ। ਮੇਅਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਤੇ ਕਮਿਸ਼ਨਰ ਸੰਦੀਪ ਰਿਸ਼ੀ ਉਠ ਕੇ ਚਲੇ ਗਏ। ਜਿਵੇਂ ਹੀ ਨਿਗਮ ਹਾਊਸ ਦੀ ਰੈੱਡ ਕਰਾਸ ਭਵਨ ਵਿਖੇ 11 ਵਜ ਕੇ 25 ਮਿੰਟ ’ਤੇ ਮੀਟਿੰਗ ਸ਼ੁਰੂ ਹੋਈ ਤਾਂ ਉਸ ’ਚ ਮੇਅਰ ਵਨੀਤ ਧੀਰ ਦੀ ਮਾਤਾ ਆਸ਼ਾ ਧੀਰ ਦੀ ਮੌਤ ’ਤੇ ਉਨ੍ਹਾਂ ਨੂੰ ਦੋ ਮਿੰਟ ਦੀ ਸ਼ਰਧਾਂਜਲੀ ਦਿੱਤੀ ਗਈ ਤੇ ਇਸ ਦੇ ਬਾਅਦ ਜ਼ੀਰੋ ਆਵਰ ਸ਼ੁਰੂ ਹੋ ਗਿਆ ਤੇ ਮੇਅਰ ਨੇ ਸਾਰੇ ਮੈਂਬਰਾਂ ਨੂੰ ਅਮਨ ਪੂਰਨ ਢੰਗ ਨਾਲ ਹਾਊਸ ਚਲਾਉਣ ’ਚ ਸਹਿਯੋਗ ਦੀ ਅਪੀਲ ਕੀਤੀ। ਕਾਂਗਰਸ ਕੌਂਸਲਰ ਪਵਨ ਕਮਾਰ ਨੇ ਇਸ਼ਤਿਹਾਰ ਤੇ ਯੂਨੀਪੋਲ ਦਾ ਮੁੱਦਾ ਉਠਾਇਆ ਤੇ ਦੋਸ਼ ਲਾਇਆ ਕਿ ਇਸ਼ਤਿਹਾਰ ਸ਼ਾਖਾ ’ਚ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸ ਬਾਅਦ ਸੱਤਾਧਾਰੀ ਪਾਰਟੀ ਆਪ ਦੇ ਕੌਂਸਲਰ ਮੁਕੇਸ਼ ਸੇਠੀ ਨੇ ਕਾਂਗਸੀ ਕੌਂਸਲਰ ਪਵਨ ਕੁਮਾਰ ਨੂੰ ਟੋਕਿਆ ਤਾਂ ਇਸ ਦੌਰਾਨ ਕਾਂਗਰਸੀ ਕੌਂਸਲਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਤੇ ਮੁਕੇਸ਼ ਸੇਠੀ ਨੇ ਕਿਹਾ ਕਿ ਪਵਨ ਜੀ ਜਲਦੀ ਬੋਲੋ ਤਾਂ ਜੋ ਬਾਕੀ ਕੌਂਸਲਰਾਂ ਨੂੰ ਵੀ ਬੋਲਣ ਦਾ ਮੌਕਾ ਮਿਲ ਸਕੇ, ਜਿਸ ’ਤੇ ਹੰਗਾਮਾ ਸ਼ੁਰੂ ਹੋ ਗਿਆ। ਇਸ ਦੌਰਾਨ ਇਕ ਕਾਂਗਰਸੀ ਕੌਂਸਲਰ ਨੇ ਤਾਂ ਏਜੰਡੇ ਦੀ ਕਾਪੀ ਖੋਲ੍ਹ ਕੇ ਸਾਰੇ ਸਫੇ ਹਾਊਸ ’ਚ ਖ਼ਲਾਰ ਦਿੱਤੇ। ਸਥਿਤੀ ਤਣਾਅਪੂਰਨ ਹੋ ਗਈ ਤੇ ਪੁਲਿਸ ਮੁਲਾਜ਼ਮ ਹਾਊਸ ’ਚ ਆ ਗਏ ਤੇ ਸਥਿਤੀ ਦੀ ਨਿਗਰਾਨੀ ਕਰਨ ਲੱਗੇ। ਇਸ ਦੌਰਾਨ ਭਾਜਪਾ ਦੇ ਮਨਜੀਤ ਸਿੰਘ ਟੀਟੂ ਤੇ ਭਾਜਪਾ ਕੌਂਸਲਰਾਂ ਨੇ ਹੰਗਾਮੇ ’ਚ ਹਿੱਸਾ ਲਿਆ ਤੇ ‘ਆਪ’ ਖਿਲਾਫ ਨਾਅਰੇਬਾਜ਼ੀ ਕੀਤੀ। ਹਾਲਾਤ ਅਜਿਹੇ ਪੈਦਾ ਹੋ ਗਏ ਕਿ ‘ਆਪ’ ਤੇ ਕਾਂਗਰਸੀ ਕੌਂਸਲਰ ਆਪਸ ’ਚ ਬਹਿਸ ਕਰਨ ਲੱਗ ਪਏ। ਇਸ ਦੌਰਾਨ ਭਾਜਪਾ ਕੌਂਸਲਰ ਵੀ ਵਿਚਾਲੇ ਆ ਗਏ। ਜਾਪਦਾ ਸੀ ਕਿ ਉਹ ਆਪਸ ਭਿੜ ਨਾ ਜਾਣ ਪਰ ਪੁਲਿਸ ਫੋਰਸ ਦੇ ਅੰਦਰ ਆਉਣ ’ਤੇ ਸਥਿਤੀ ਕਾਬੂ ’ਚ ਰਹੀ। ਕਾਂਗਰਸੀ ਕੌਂਸਲਰ ਆਸ਼ੂ ਸ਼ਰਮਾ ਨੂੰ ਜਦੋਂ ਬੋਲਣ ਦਾ ਮੌਕਾ ਮਿਲਿਆ ਤਾਂ ‘ਆਪ’ ਕੌਂਸਲਰ ਲਵ ਰੋਬਿਨ ਕਾਂਗਰਸ ਦੀ ਟੋਕਾ-ਟਾਕੀ ਨੂੰ ਲੈ ਕੇ ਕਾਂਗਰਸੀ ਕੌਂਸਲਰ ਭੜਕ ਗਏ। ਉਹ ਆਪਣੀਆਂ ਸੀਟਾਂ ਤੋਂ ਖੜ੍ਹੇ ਗਏ ਤੇ ਉਨ੍ਹਾਂ ਨੇ ਲਵ ਰੋਬਿਨ ਨੂੰ ਬੈਠਣ ਲਈ ਕਿਹਾ ਪਰ ਉਹ ਲਗਾਤਾਰ ਬੋਲਦਾ ਰਿਹਾ। ਇਸ ਦੌਰਾਨ ਦੂਜੀ ਵਾਰ ਵੀ ਹੰਗਾਮਾ ਹੋ ਗਿਆ। ਸੱਤਾਧਾਰੀ ਤੇ ਕਾਂਗਰਸੀ ਕੌਂਸਲਰਾਂ ਵਿਚਕਾਰ 15 ਮਿੰਟ ਬਹਿਸਬਾਜ਼ੀ ਜਾਰੀ ਰਹੀ। ਇਸ ਦੌਰਾਨ ਮੇਅਰ ਵਨੀਤ ਧੀਰ ਨੇ ਜਦੋਂ ਸਥਿਤ ਬੇਕਾਬੂ ਹੁੰਦੀ ਦੇਖੀ ਤਾਂ ਉਹ ਆਪਣੀ ਕੁਰਸੀ ਤੋਂ ਉੱਠੇ ਤੇ ਹੰਗਾਮੇ ਦੌਰਾਨ ਏਜੰਡੇ ਦੀ ਕਾਪੀ ਫੜ ਕੇ ਐਲਾਨ ਕੀਤਾ ਮਤਾ ਨੰਬਰ 184 ਨੂੰ ਛੱਡ ਕੇ ਬਾਕੀ ਏਜੰਡਾ ਪਾਸ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੇ ਮੀਟਿੰਗ ਖਤਮ ਕਰਨ ਦਾ ਐਲਾਨ ਕੀਤਾ। ਹਾਊਸ ’ਚ ਰੌਲਾ ਪੈ ਗਿਆ ਤੇ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ , ਡਿਪਟੀ ਮੇਅਰ ਮਲਕੀਤ ਸੁਭਾਨਾ ਉੱਠ ਕੇ ਚਲੇ ਗਏ। ਬਾਅਦ ਕਮਿਸ਼ਨਰ ਸੰਦੀਪ ਰਿਸ਼ੀ ਵੀ ਚਲੇ ਗਏ।
-------------------------
ਪਹਿਲੀ ਵਾਰ ਕਿਸੇ ਮੇਅਰ ਨੇ ਖੁਦ ਏਜੰਡਾ ਪਾਸ ਕਰਨ ਦਾ ਐਲਾਨ ਕੀਤਾ
ਨਗਰ ਨਿਗਮ ਦੇ ਇਤਹਾਸ ’ਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਮੇਅਰ ਨੇ ਹਾਊਸ ਦੀ ਮੀਟਿੰਗ ਦੌਰਾਨ ਖੁਦ ਆਪਣੀ ਕੁਰਸੀ ਤੋਂ ਉਠ ਕੇ ਹੰਗਾਮੇ ਦੌਰਾਨ ਏਜੰਡਾ ਪਾਸ ਕਰਨ ਦਾ ਐਲਾਨ ਕੀਤਾ ਤੇ ਮੀਟਿੰਗ ਖਤਮ ਕਰ ਦਿੱਤੀ। ਹੈਰਾਨੀ ਗੱਲ ਤਾਂ ਇਹ ਹੈ ਕਿ ਜਿਸ ਮੁੱਦੇ ਨੂੰ ਲੈ ਕੇ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਉਸ ’ਤੇ ਬਿਨਾ ਕਿਸੇ ਚਰਚਾ ਦੇ ਏਜੰਡਾ ਪਾਸ ਕਰ ਦਿੱਤਾ ਗਿਆ।
--------------------------
ਏਜੰਡੇ ਦੇ ਸਫੇ ਹਾਉਸ ’ਚ ਖਿਲਾਰੇ
ਨਗਰ ਨਿਗਮ ਦੇ ਇਤਿਹਾਸ ’ਚ ਪਹਿਲਾ ਮੌਕਾ ਦੇਖਿਆ ਗਿਆ ਜਦਕਿ ਕੌਂਸਲਰ ਅਜੇ ਬੱਬਲ ਨੇ ਏਜੰਡੇ ਦੇ ਸਫੇ ਅਲੱਗ ਅਲੱਗ ਕਰਕੇ ਹਾਊਸ ਦੀ ਮੀਟਿੰਗ ’ਚ ਉਡਾਏ, ਜਿਸ ਕਾਰਨ ਜ਼ੋਰਦਾਰ ਹੰਗਾਮਾ ਹੋਇਆ।
------------------
ਜ਼ੀਰੋ ਆਵਰ
ਜ਼ੀਰੋ ਆਵਰ ਦੌਰਾਨ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੋਈ ਤਾਂ ਜ਼ੀਰੋ ਆਵਰ ਸ਼ੁਰੂ ਹੁੰਦੇ ਹੀ ਜਿਥੇ ਪਵਨ ਕੁਮਾਰ ਕੌਂਸਲਰ ਨੇ ਇਸ਼•ਤਿਹਾਰ ਬ੍ਰਾਂਚ ’ਚ ਭ੍ਰਿਸ਼ਟਾਚਾਰ ਤੇ ਘੁਟਾਲੇ ਦੇ ਦੋਸ਼ ਲਾਏ ਉਥੇ ਉਨ੍ਹਾਂ ਨੇ ਕਿਹਾ ਕਿ ਮੇਅਰ ਹਰ ਸਵਾਲ ਦਾ ਨਾਲੋ-ਨਾਲ ਜਵਾਬ ਦੇਣ। ਇਸੇ ਦੌਰਾਨ ਵਾਰਡ 59 ਦੀ ਕੌਂਸਲਰ ਚਰਨਜੀਤ ਕੌਰ ਸੰਧਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ’ਚ ਸਫਾਈ ਸੇਵਕ ਨਾ ਹੋਣ ਕਾਰਨ ਗੰਦਗੀ ਫੈਲੀ ਰਹਿੰਦੀ ਹੈ ਤੇ ਨੇੜਲੇ ਪਾਰਕ ’ਚ ਸਫਾਈ ਪ੍ਰਬੰਧਾਂ ਦੀ ਘਾਟ ਹੈ। ਬਾਗਵਾਨੀ ਬ੍ਰਾਂਚ ਕੋਈ ਸੁਣਵਾਈ ਨਹੀਂ ਕਰਦੀ। ਐਡਹਾਕ ਕਮੇਟੀਆਂ ’ਚ ਮੇਅਰ ਨਾਂ ਹਟਾ ਦਿੱਤਾ ਜਾਵੇ।
---
ਡਾ. ਦਰਸ਼ਨ ਸਿੰਘ
ਇਸ ਦੌਰਾਨ ਵਾਰਡ 52 ਦੇ ਕੌਂਸਲਰ ਡਾ. ਦਰਸ਼ਨ ਸਿੰਘ ਨੇ ਨਗਰ ਨਿਗਮ ’ਚ ਕੋਂਈ ਸੁਣਵਾਈ ਨਾ ਹੋਣ ’ਤੇ ਰੋਸ ਪਰਗਟ ਕੀਤਾ ਤੇ ਕਿਹਾ ਕਿ ਨਗਰ ਨਿਗਮ ਦੀਆ ਜਿਹੜੀਆਂ ਦੋ ਐਡਹਾਕ ਕਮੇਟੀਆਂ ’ਚ ਉਨ੍ਹਾਂ ਨੂੰ ਮੈਂਬਰ ਬਣਾਇਆ ਗਿਆ ਹੈ, ਉਨ੍ਹਾਂ ਤੋਂ ਉਨ੍ਹਾਂ ਦਾ ਨਾਂ ਹਟਾ ਦਿੱਤਾ ਜਾਵੇ। ਕਮੇਟੀਆਂ ਦੀਆਂ ਕਦੇ ਮੀਟਿੰਗਾਂ ਤਕ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਮੇਅਰ ਘਰ ਦੇ ਬਾਅਦ ਕੂੜੇ ਦਾ ਢੇਰ ਲੱਗਾ ਰਹਿੰਦਾ ਹੈ ਤੇ ਸਫਾਈ ਤਕ ਨਹੀਂ ਹੁੰਦੀ।
---
ਮਨਜੀਤ ਸਿੰਘ ਟੀਟੂ
ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਦਫਤਰਾਂ ਦਾ ਸੁੰਦਰੀਕਰਨ ਤਾਂ ਕੀਤਾ ਜਾ ਰਿਹਾ ਹੈ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਨਿਗਮ ’ਚ ਕੌਂਸਲਰਾਂ ਦੇ ਬੈਠਣ ਲਈ ਛੱਤ ਤਕ ਨਹੀਂ ਹੈ। ਭਾਜਪਾ ਦੇ ਨਿਗਮ ਹਾਊਸ ’ਚ ਵਿਰੋਧੀ ਧਿਰ ਦੇ ਲੀਡਰ ਨੇ ਕਿਹਾ ਕਿ ਨਗਰ ਨਿਗਮ ਬਾਹਰੀ ਠੇਕੇਦਾਰਾਂ ਨੂੰ ਕੰਮ ਨਾ ਦੇ ਕੇ ਆਪਣੇ ਠੇਕੇਦਾਰਾਂ ਨੂੰ ਠੇਕੇ ਦੇ ਕੇ ਕੰਮ ਕਰਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਗਮ ਦਾ ਏਜੰਡਾ ਅੰਗ੍ਰੇਜ਼ੀ ਦੀ ਥਾਂ ਪੰਜਾਬੀ ’ਚ ਛਾਪਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਹਿਰ ਨਾਜਾਇਜ਼ ਕਮਰਸ਼ੀਅਲ ਇਮਾਰਤਾਂ ਬਣਨ ’ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ਦੀ ਸ਼ਿਕਾਇਤ ਵੀ ਕੀਤੀ।
---
ਕੰਵਰ ਸਰਤਾਜ
ਜ਼ੀਰੋ ਆਵਰ ਦੌਰਾਨ ਕੰਵਰ ਸਰਤਾਜ ਨੇ ਉਨ੍ਹਾਂ ਦੇ ਵਾਰਡ ’ਚ ਹਾਈ ਮਾਸਕ ਲਾਈਟਾਂ ਲਾਉਣ ਦੀ ਮੰਗ ਕੀਤੀ ਨਾਲ ਹੀ ਉਨ੍ਹਾਂ ਦੇ ਹਲਕੇ ’ਚ ਸਫਾਈ ਸੇਵਕਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ।
---
ਮਿੰਟੂ ਜੁਨੇਜਾ
ਕੌਂਸਲਰ ਮਿੰਟੂ ਜੁਨੇਜਾ ਨੇ ਆਪਣੇ ਵਾਰਡ ’ਚ ਤਹਿਬਜ਼ਾਰੀ ਤੇ ਨਜਾਇਜ਼ ਰੇਹੜੀਆਂ ਲਗਵਾਉਣ ਦਾ ਦੋਸ਼ ਲਾਇਆ ਤੇ ਉਥੋਂ ਡੰਪ ਬਦਲਨ ਦੀ ਮੰਗ ਕੀਤੀ।
---
ਰਾਜੀਵ ਢੀਂਗਰਾ
ਭਾਜਪਾ ਦੇ ਕੌਂਸਲਰ ਰਾਜੀਵ ਢੀਂਗਰਾ ਨੇ ਉਨ੍ਹਾਂ ਦੇ ਵਾਰਡ ’ਚ ਸਫਾਈ ਨਾ ਹੋਣ ਦਾ ਮੁੱਦਾ ਉਠਾਇਆ ਤੇ ਸਫਾਈ ਸੇਵਕਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ 1196 ਸਫਾਈ ਕਰਮਚਾਰੀਆਂ ਦੀ ਛੇਤੀ ਭਰਤੀ ਕਰਨ ਦੀਵੀ ਮੰਗ ਕੀਤੀ।
---
ਬੰਟੀ ਨੀਲਕੰਠ
ਕਾਂਗਰਸੀ ਕੌਂਸਲਰ ਬੰਟੀ ਨੀਲਕੰਠ ਨੇ ਦੋ ਨਿਗਮ ਅਧਿਕਾਰੀਆਂ ’ਤੇ ਕੰਮ ਨਾ ਕਰਨ ਦੇ ਦੋਸ਼ ਲਾਏ, ਜਿਸ ’ਤੇ ਮੇਅਰ ਨੇ ਇਤਰਾਜ਼ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਫੁਟਪਾਥਾਂ ’ਤੇ ਮੂਰਤੀਆਂ ਬਣਾਉਣ ਵਾਲਿਆਂ ਨਾਲ ਤਹਿ ਬਾਜ਼ਾਰੀ ਬ੍ਰਾਂਚ ਦੀ ਮਿਲੀਭੁਗਤ ਦਾ ਦੋਸ਼ ਲਾਇਆ।
---
ਬਲਰਾਜ ਠਾਕਰ
ਕਾਂਗਰਸੀ ਕੌਂਸਲਰ ਬਲਰਾਜ ਠਾਕਰ ਨੇ ਚੌਕਾਂ ਦੇ ਸੁੰਦਰੀਕਰਨ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਕਿਸੇ ਦੀ ਰਾਏ ਤੱਕ ਨਹੀਂ ਲਈ ਗਈ। ਉਨ੍ਹਾਂ ਨੇ ਸਟਰੀਟ ਲਾਈਟਾਂ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਘਟ ਵਾਟ ਦੇ ਬਲਬ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਤਕਰਤਾਰ ਨਗਰ ਦੇ ਟਿਊਬਵੈੱਲ ਨੂੰ ਖਰਾਬ ਹੋਇਆਂ ਦੋ ਮਹੀਨੇ ਹੋ ਗਏ ਹਨ ਤੇ ਲੋਕ ਪਾਣੀ ਨੂੰ ਤਰਸ ਰਹੇ ਹਨ।
ਡਾ. ਜਸਲੀਨ ਸੇਠੀ
ਕਾਂਗਰਸੀ ਕੌਂਸਲਰ ਨੇ ਦੋਸ਼ ਲਾਇਆ ਕਿ ਅਧਿਕਾਰੀ ਕੋਈ ਸੁਣਵਾਈ ਨਹੀ ਕਰਦੇ। ੳਨ੍ਹਾਂ ਕਿਹਾ ਕਿ ਸ਼ਹਿਰ ’ਚ ਲੁੱਕ ਬਜਰੀ ਦੀਆਂ ਸੜਕਾਂ ਠੇਕੇਦਾਰਾਂ ਵੱਲੋਂ ਨਹੀਂ ਬਣਾਈਆਂ ਜਾ ਰਹੀਆਂ। ਇਸ ਤੋਂ ਇਲਾਵਾ ਜ਼ੀਰੋ ਆਵਰ ’ਚ ਤਰਸੇਮ ਲਖੋਤਰਾ, ਰੀਨਾ ਕੌਰ, ਸਿਮਰਨ ਰੌਣੀ, ਹਰਜਿੰਦਰ ਸਿੰਘ ਲਾਡਾ ਨੇ ਹਿੱਸਾ ਲਿਆ।